ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਅਕਤੂਬਰ
ਇੱਥੇ ਅਕਤੂਬਰ 2018 ਵਿੱਚ ਵਾਪਰੇ ਦਸਹਿਰਾ ਰੇਲ ਹਾਦਸੇ ਦੇ ਕੇਸ ਦੀ ਸੁਣਵਾਈ ਦੌਰਾਨ ਸੀਜੀਐੱਮ ਦੀ ਅਦਾਲਤ ਨੇ ਸੌਰਵ ਮਦਾਨ ਉਰਫ਼ ਮਿੱਠੂ ਮਦਾਨ ਸਮੇਤ ਸੱਤ ਵਿਅਕਤੀਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਸੌਰਵ ਮਦਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਕਰੀਬੀ ਹੈ ਜਿਸ ਨੇ 2018 ਵਿੱਚ ਜੌੜਾ ਫਾਟਕ ਇਲਾਕੇ ਵਿੱਚ ਰੇਲ ਪਟੜੀਆਂ ਨੇੜੇ ਦਸਹਿਰਾ ਸਮਾਗਮ ਕਰਵਾਇਆ ਸੀ। ਹਾਦਸੇ ਵਿੱਚ 50 ਤੋਂ ਵੱਧ ਵਿਅਕਤੀ ਰੇਲਗੱਡੀ ਹੇਠਾਂ ਆਉਣ ਕਾਰਨ ਮਾਰੇ ਗਏ ਸਨ ਅਤੇ ਇਸ ਤੋਂ ਦੁੱਗਣੀ ਗਿਣਤੀ ਵਿੱਚ ਜ਼ਖ਼ਮੀ ਹੋ ਗਏ ਸਨ। ਇਸ ਮਾਮਲੇ ਦੀ ਜਾਂਚ ਰੇਲਵੇ ਪੁਲੀਸ ਵੱਲੋਂ ਕੀਤੀ ਗਈ ਸੀ, ਜਿਸ ਨੇ ਪ੍ਰਬੰਧਕਾਂ ਵੱਲੋਂ ਸਮਾਗਮ ਸਬੰਧੀ ਮਨਜ਼ੂਰੀ ਨਾ ਲੈਣ ਦਾ ਦੋਸ਼ ਲਾਇਆ ਸੀ। ਅੱਜ ਅਦਾਲਤ ਨੇ ਮਿੱਠੂ ਮਦਾਨ, ਰਾਹੁਲ ਕਲਿਆਣ, ਦੀਪਕ ਕੁਮਾਰ, ਕਰਨ ਭੰਡਾਰੀ, ਕਾਬਲ ਸਿੰਘ, ਦੀਪਕ ਗੁਪਤਾ ਅਤੇ ਭੁਪਿੰਦਰ ਸਿੰਘ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਜਾਣਕਾਰੀ ਮੁਤਾਬਕ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਅਗਲੀ ਸੁਣਵਾਈ 2 ਦਸੰਬਰ ਨੂੰ ਤੈਅ ਕੀਤੀ ਗਈ ਹੈ।