ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਅਕਤੂਬਰ
ਦਸਹਿਰਾ ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਵੱਲੋਂ ਅੱਜ ਹਾਦਸੇ ਦੀ ਦੂਜੀ ਬਰਸੀ ਮੌਕੇ ਵਿੱਛੜੇ ਪਰਿਵਾਰਕ ਮੈਂਬਰਾਂ ਦੀ ਯਾਦ ਵਿਚ ਰਾਮ ਤਲਾਈ ਚੌਕ ਤੋਂ ਜੌੜਾ ਫਾਟਕ ਤੱਕ ਮੋਮਬੱਤੀ ਮਾਰਚ ਕੱਢਿਆ ਗਿਆ।
ਅੱਜ ਸ਼ਾਮ ਪੀੜਤ ਪਰਿਵਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਤਲਬੀਰ ਸਿੰਘ ਗਿੱਲ ਤੇ ਹੋਰ ਆਗੂਆਂ ਦੀ ਅਗਵਾਈ ਹੇਠ ਲੋਕਾਂ ਨੇ ਮੋਮਬੱਤੀ ਮਾਰਚ ਕੀਤਾ। ਅਕਾਲੀ ਆਗੂਆਂ ਅਤੇ ਪੀੜਤ ਪਰਿਵਾਰਾਂ ਨੇ ਮੰਗ ਕੀਤੀ ਕਿ ਪ੍ਰਭਾਵਿਤ ਪਰਿਵਾਰਾਂ ਦੇ ਜੀਆਂ ਨੂੰ ਨਿਆਂ ਦਿੱਤਾ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪੀੜਤ ਪਰਿਵਾਰ ਦੇ ਮੈਂਬਰ ਦੀਪਕ ਨੇ ਆਖਿਆ ਕਿ ਇਸ ਮੋਮਬੱਤੀ ਮਾਰਚ ਦਾ ਮੰਤਵ ਸਰਕਾਰ ਅਤੇ ਪ੍ਰਸ਼ਾਸਨ ਨੂੰ ਪੀੜਤ ਪਰਿਵਾਰਾਂ ਨਾਲ ਕੀਤੇ ਵਾਅਦੇ ਯਾਦ ਕਰਾਉਣਾ ਹੈ। ਉਨ੍ਹਾਂ ਆਖਿਆ ਕਿ ਹੁਣ ਤਕ ਕੀਤੇ ਐਲਾਨ ਮੁਤਾਬਕ ਕਿਸੇ ਵੀ ਪ੍ਰਭਾਵਿਤ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ ਹੈ। ਇਸ ਰੇਲ ਹਾਦਸੇ ਵਿਚ ਉਸ ਦੇ ਪਿਤਾ ਅਤੇ ਚਾਚੇ ਦੀ ਮੌਤ ਹੋ ਗਈ ਸੀ। ਹਾਦਸੇ ਤੋਂ ਬਾਅਦ ਹੁਣ ਤਕ ਪਰਿਵਾਰ ਦੀ ਆਰਥਿਕ ਸਥਿਤੀ ਵਿਚ ਸਥਿਰਤਾ ਨਹੀਂ ਆਈ। ਆਟੋ ਰਿਕਸ਼ਾ ਚਾਲਕ ਗੁਰਜੀਤ ਸਿੰਘ ਦੇ ਪਿਤਾ ਇਸ ਹਾਦਸੇ ਵਿਚ ਮਾਰੇ ਗਏ ਸਨ। ਉਸ ਨੇ ਆਖਿਆ ਕਿ ਸਰਕਾਰ ਨੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਵਿਜੇ ਕੁਮਾਰ ਦਾ ਬੇਟਾ ਰਮੇਸ਼ ਇਸ ਹਾਦਸੇ ਵਿੱਚ ਮਾਰਿਆ ਗਿਆ ਸੀ। ਉਸ ਨੇ ਆਪਣੀ ਨੂੰਹ ਦਾ ਮੁੜ ਵਿਆਹ ਕਰਾਇਆ ਹੈ। ਉਸ ਨੇ ਆਖਿਆ ਕਿ ਇਸ ਮਾਮਲੇ ਵਿੱਚ ਹੁਣ ਉਸ ਦੀ ਧੀ ਨੂੰ ਨੌਕਰੀ ਦਿੱਤੀ ਜਾਵੇ ਕਿਉਂਕਿ ਉਹ ਖੁਦ ਕੰਮ ਕਰਨ ਦੇ ਸਮਰੱਥ ਨਹੀਂ ਹੈ।
ਪੀੜਤ ਪਰਿਵਾਰਾਂ ਨੇ ਪਿਛਲੇ ਸਾਲ ਇਸੇ ਮੰਗ ਨੂੰ ਲੈ ਕੇ ਦਸੰਬਰ ਮਹੀਨੇ 12 ਦਿਨ ਧਰਨਾ ਦਿੱਤਾ ਸੀ, ਜਿਸ ਤੋਂ ਬਾਅਦ ਸਰਕਾਰ ਹਰਕਤ ਵਿਚ ਆਈ ਸੀ। ਹੁਣ ਤੱਕ 37 ਪਰਿਵਾਰਾਂ ਕੋਲੋਂ ਸਰਕਾਰੀ ਨੌਕਰੀ ਦੇਣ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ, ਜਿਸ ’ਚੋਂ 34 ਪਰਿਵਾਰ ਅਰਜ਼ੀਆਂ ਦੇ ਚੁੱਕੇ ਹਨ ਪਰ ਕਿਸੇ ਨੂੰ ਵੀ ਸਰਕਾਰੀ ਨੌਕਰੀ ਨਹੀਂ ਮਿਲੀ ਹੈ।