ਪੱਤਰ ਪ੍ਰੇਰਕ
ਰੂਪਨਗਰ, 4 ਅਕਤੂਬਰ
ਸੇਂਟ ਕਾਰਮਲ ਸਕੂਲ ਕਟਲੀ ਵਿੱਚ ਦਸਹਿਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ। ਕਾਰਜਕਾਰੀ ਪ੍ਰਿੰਸੀਪਲ ਪੂਜਾ ਜੈਨ ਅਤੇ ਸੀਨੀਅਰ ਅਧਿਆਪਕ ਜਸਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਦਸਹਿਰੇ ਦੇ ਤਿਉਹਾਰ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਰਿਵਰਵੁੱਡ ਸਮਾਰਟ ਸਕੂਲ ਸੰਘੋਲ ਵਿੱਚ ਦਸਹਿਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ। ਸਕੂਲ ਡਾਇਰੈਕਟਰ ਨੀਸ਼ਾ ਸ਼ਰਮਾ, ਪ੍ਰਿੰਸੀਪਲ ਸ਼ਾਲ ਸ਼ਰਮਾ ਅਤੇ ਸਟਾਫ਼ ਮੈਂਬਰਾਂ ਨੇ ਬੱਚਿਆਂ ਨੂੰ ਦਸਹਿਰੇ ਬਾਰੇ ਜਾਣਕਾਰੀ ਦਿੱਤੀ।
ਬਨੂੜ (ਪੱਤਰ ਪ੍ਰੇਰਕ): ਪਿੰਡ ਲੇਹਲਾਂ ਦੇ ਹੈਰੀਟੇਜ ਪਬਿਲਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰੀ-ਨਰਸਰੀ ਤੋਂ ਲੈ ਕੇ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਅੱਜ ਰਾਜਪੁਰਾ ਦੇ ਬਿਰਧ ਆਸ਼ਰਮ ਵਿੱਚ ਜਾ ਕੇ ਬਜ਼ੁਰਗਾਂ ਨਾਲ ਦਸਹਿਰਾ ਮਨਾਇਆ। ਸਕੂਲ ਦੀ ਡਾਇਰੈਕਟਰ ਅਮਰਜੀਤ ਕੌਰ ਬਾਸੀ ਨੇ ਦੱਸਿਆ ਕਿ ਸਕੂਲੀ ਬੱਚਿਆਂ ਨੇ ਬਜ਼ੁਰਗਾਂ ਨੂੰ ਗੀਤ, ਕਵਿਤਾਵਾਂ ਸੁਣਾਈਆਂ ਅਤੇ ਭੰਗੜਾ ਵੀ ਪਾਇਆ। ਉਨ੍ਹਾਂ ਦੱਸਿਆ ਕਿ ਬੱਚਿਆਂ ਨੇ ਆਪਣੇ ਵੱਲੋਂ ਬਜ਼ੁਰਗਾਂ ਨੂੰ ਤੋਹਫ਼ੇ ਵੀ ਭੇਟ ਕੀਤੇ।
ਖਰੜ (ਪੱਤਰ ਪ੍ਰੇਰਕ): ਏ.ਪੀ.ਜੇ ਸਮਾਰਟ ਸਕੂਲ ਵਿੱਚ ਅੱਜ ਦਸਹਿਰੇ ਨਾਲ ਸਬੰਧਤ ਸਮਾਗਮ ਕਰਵਾਏ ਗਏ। ਪ੍ਰਿੰਸੀਪਲ ਸਾਹਿਬ ਨੇ ਭਗਵਾਨ ਰਾਮ ਦੀਆਂ ਸਿੱਖਿਆਵਾਂ ‘ਤੇ ਚਾਨਣਾ ਪਾਇਆ।
ਮੋਰਿੰਡਾ (ਪੱਤਰ ਪ੍ਰੇਰਕ): ਏਂਜਲਜ਼ ਵਰਲਡ ਸਕੂਲ ਮੋਰਿੰਡਾ ਵਿੱਚ ਦਸਹਿਰਾ ਉਤਸ਼ਾਹ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਆਰਟ ਪ੍ਰਦਰਸ਼ਨੀ ਵੀ ਲਗਾਈ।