ਅਜੇ ਮਲਹੋਤਰਾ
ਬਸੀ ਪਠਾਣਾਂ, 8 ਮਈ
ਸਥਾਨਕ ਸ਼ਹਿਰ ਵਿੱਚ ਚੱਲ ਰਿਹਾ ਸੀਵਰੇਜ ਪਾਉਣ ਦਾ ਕੰਮ ਹਾਲੇ ਮੁਕੰਮਲ ਨਹੀਂ ਹੋਇਆ ਕਿ ਕਈ ਰਾਜਸੀ ਰਸੂਖ਼ਦਾਰ ਲੋਕਾਂ ਵੱਲੋਂ ਸੀਵਰੇਜ ਵਿਭਾਗ ਤੋਂ ਪ੍ਰਵਾਨਗੀ ਲਏ ਬਿਨਾਂ ਹੀ ਨਾਲੀਆਂ ਅਤੇ ਟੋਭੇ ਦਾ ਗੰਦਾ ਪਾਣੀ ਇਨ੍ਹਾਂ ਪਾਈਪਾਂ ਵਿੱਚ ਸੁੱਟ ਦਿੱਤਾ ਹੈ, ਜਿਸ ਨਾਲ ਸੀਵਰੇਜ ਦੀਆਂ ਪਾਈਪਾਂ ਦੇ ਬੰਦ ਹੋਣ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇੱਥੇ ਸੀਵਰੇਜ ਦਾ ਕੰਮ ਸਾਲ 2016 ਵਿੱਚ ਅਕਾਲੀ-ਭਾਜਪਾ ਸਰਕਾਰ ਦੌਰਾਨ ਸ਼ੁਰੂ ਹੋਇਆ ਸੀ ਅਤੇ 18 ਮਹੀਨੇ ’ਚ ਇਹ ਪ੍ਰਾਜੈਕਟ ਸ਼ੁਰੂ ਹੋਣਾ ਸੀ, ਪਰ 5 ਸਾਲ ਤੋਂ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸ਼ਹਿਰ ਵਿੱਚ ਸੀਵਰੇਜ ਦਾ ਕੰਮ ਮੱਠੀ ਰਫਤਾਰ ਨਾਲ ਚੱਲ ਰਿਹਾ ਹੈ। ਪਿਛਲੇ ਦਿਨੀ ਕੁੱਝ ਕੌਂਸਲਰਾਂ ਨੇ ਸੀਵਰੇਜ ਵਿਭਾਗ ਤੋਂ ਪ੍ਰਵਾਨਗੀ ਲਏ ਬਿਨਾਂ ਸ਼ਹਿਰ ਦੀਆਂ ਨਾਲੀਆਂ ਅਤੇ ਟੋਭੇ ਦਾ ਗੰਦਾ ਪਾਣੀ ਸੀਵਰੇਜ ਦੀਆਂ ਪਾਈਪਾਂ ਵਿੱਚ ਸੁੱਟ ਦਿੱਤਾ । ਉਧਰ ਸਬੰਧਤ ਨਗਰ ਕੌਂਸਲਰਾਂ ਨੇ ਕਿਹਾ ਕਿ ਪਹਿਲਾਂ ਵੀ ਕਈ ਥਾਂ ’ਤੇ ਅਜਿਹਾ ਕੀਤਾ ਗਿਆ ਹੈ ਇਸੇ ਕਰਕੇ ਉਨ੍ਹਾਂ ਨੇ ਇੰਜ ਕੀਤਾ। ਸੀਵਰੇਜ ਮਹਿਕਮੇ ਦੇ ਐਕਸੀਅਨ ਸਬਜੀਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਪਾਈਪਾਂ ਦੀ ਟੈਸਟਿੰਗ ਨਹੀਂ ਹੋ ਜਾਂਦੀ ਕੋਈ ਵੀ ਪਾਣੀ ਪਾਈਪਾਂ ਵਿੱਚ ਨਹੀ ਸੁੱਟਿਆ ਜਾ ਸਕਦਾ। ਜੇ ਕੋਈ ਅਜਿਹਾ ਕਰਦਾ ਹੈ ਤਾਂ ਵਿਭਾਗ ਅਮਲ ਵਿੱਚ ਲਿਆ ਸਕਦਾ ਹੈ।