ਜੋਗਿੰਦਰ ਸਿੰਘ ਓਬਰਾਏ
ਖੰਨਾ, 8 ਅਗਸਤ
ਪੰਜਾਬ ’ਚ ਜ਼ਹਿਰੀਲੀ ਸ਼ਰਾਬ ਕਾਰਨ 100 ਤੋਂ ਵਧੇਰੇ ਵਿਅਕਤੀਆਂ ਦੇ ਮਾਰੇ ਜਾਣ ਤੋਂ ਬਾਅਦ ਰਾਜ ਸਭਾ ਮੈਂਬਰਾਂ ਸ਼ਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਰਾਜਪਾਲ ਨੂੰ ਸ਼ਰਾਬ ਮਾਫ਼ੀਆ ਖਿਲਾਫ਼ ਕਾਰਵਾਈ ਲਈ ਦਿੱਤੇ ਮੰਗ ਪੱਤਰ ਤੋਂ ਬਾਅਦ ਸਿਆਸਤ ਭਖ ਗਈ ਹੈ। ਸ੍ਰੀ ਦੂਲੋ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਖਿਲਾਫ਼ ਮੋਰਚਾ ਖੋਲ੍ਹਣ ’ਤੇ ਯੂਥ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਨੇ ਸ੍ਰੀ ਦੂਲੋ ਦੇ ਨਵੀਂ ਅਬਾਦੀ ਸਥਿਤ ਘਰ ਦਾ ਘਿਰਾਓ ਕੀਤਾ। ਯੂਥ ਕਾਂਗਰਸੀਆਂ ਨੇ ਹੱਥਾਂ ਵਿਚ ਤਖ਼ਤੀਆਂ ਫੜ ਕੇ ਰੋਸ ਜਤਾਇਆ। ਇਹ ਪ੍ਰਦਰਸ਼ਨ ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਪ੍ਰਭਦੀਪ ਸਿੰਘ ਗਰੇਵਾਲ ਤੇ ਜ਼ਿਲ੍ਹਾ ਪ੍ਰਧਾਨ ਅਮਿਤ ਤਿਵਾੜੀ ਦੀ ਅਗਵਾਈ ’ਚ ਹੋਇਆ।
ਸ੍ਰੀ ਦੂਲੋ ਘਿਰਾਓ ਕਰਨ ਆਏ ਯੂਥ ਕਾਂਗਰਸ ਆਗੂਆਂ ਨੂੰ ਘਰ ਦੇ ਬਾਹਰ ਆ ਕੇ ਮਿਲੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਨੀਤੀਆਂ ਕਾਰਨ ਕਾਂਗਰਸ ਪਾਰਟੀ ਦੀ ਸਾਖ ਲੋਕਾਂ ’ਚ ਖਰਾਬ ਹੋ ਰਹੀ ਹੈ, ਇਸ ਲਈ ਉਨ੍ਹਾਂ ਪਾਰਟੀ ਦੀ ਸਾਖ਼ ਨੂੰ ਬਚਾਉਣ ਲਈ ਸੱਚ ਬੋਲਿਆ ਹੈ। ਉਨ੍ਹਾਂ ਕਿਹਾ ਕਿ ਉਹ ਸਾਲ 1970 ਤੋਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਰਾਜ ਵਿਚ ਨਸ਼ਾ ਮਾਫੀਏ ਬਾਰੇ ਮੁੱਖ ਮੰਤਰੀ ਤੇ ਪਾਰਟੀ ਹਾਈਕਮਾਂਡ ਨੂੰ ਸਮੇਂ ਸਮੇਂ ’ਤੇ ਦੱਸਿਆ ਪਰ ਮੁੱਖ ਮੰਤਰੀ ਨੇ ਧਿਆਨ ਨਹੀਂ ਦਿੱਤਾ। ਸ੍ਰੀ ਦੂਲੋ ਨੇ ਯੂਥ ਕਾਂਗਰਸ ਦੇ ਆਗੂਆਂ ਨੂੰ ਨਸੀਹਤ ਦਿੱਤੀ ਕਿ ਉਹ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਣ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਤੇ ਨਸ਼ਾ ਤਸਕਰਾਂ ਦਾ ਵਿਰੋਧ ਕਰਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਚਾਹੇ ਕੋਈ ਵੀ ਤੇ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ, ਉਹ ਉਸ ਖਿਲਾਫ਼ ਆਵਾਜ਼ ਬੁਲੰਦ ਕਰਦੇ ਰਹਿਣਗੇ। ਇਸ ਦੌਰਾਨ ਰਾਜ ਸਭਾ ਮੈਂਬਰ ਦੂਲੋ ਨੇ ਆਏ ਯੂਥ ਵਰਕਰਾਂ ਨੂੰ ਠੰਢਾ (ਕੋਲਡ ਡਰਿੰਕ) ਪਿਲਾ ਕੇ ਵਾਪਸ ਭੇਜਿਆ ਤੇ ਕਿਹਾ ਕਿ ਉਹ ਕਾਂਗਰਸ ਲਈ ਡੱਟ ਕੇ ਕੰਮ ਕਰਨ।
ਇਸ ਮੌਕੇ ਯੂਥ ਕਾਂਗਰਸ ਪ੍ਰਧਾਨ ਗਗਨਦੀਪ ਸਿੰਘ, ਮਨਿੰਦਰ ਸਿੰਘ ਸਮਰਾਲਾ, ਅਸ਼ੀਸ਼ ਗਰਗ, ਹਨੀ ਲਬਿੜਾ, ਮਨਿੰਦਰ ਮਨੀ, ਡੇਵਿਡ ਸ਼ਰਮਾ, ਰਾਹੁਲ ਗਰਗ, ਗੋਲਡੀ ਸ਼ਰਮਾ, ਸੋਨੂੰ ਸੋਫ਼ਤ, ਗੁਰਪ੍ਰੀਤ ਨਾਗਪਾਲ, ਸਾਹਿਲ ਗੁਲਾਟੀ, ਗਗਨਦੀਪ ਮਣਕੂ, ਗੁਰੀ ਸੋਮਲ, ਜਿੰਮੀ ਮਲਹੋਤਰਾ ਆਦਿ ਹਾਜ਼ਰ ਸਨ।