ਬਲਵਿੰਦਰ ਰੈਤ
ਨੂਰਪੁਰ ਬੇਦੀ, 20 ਸਤੰਬਰ
ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਦੀ ਮੀਟਿੰਗ ਬਲਾਕ ਨੂਰਪੁਰ ਬੇਦੀ ਵਿਖੇ ਕਾਮਰੇਡ ਰਾਮ ਸਿੰਘ ਸੈਣੀ ਮਾਜਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਰੇਤਾ ਬਜਰੀ ਨਾ ਮਿਲਣ ਕਾਰਨ ਉਸਾਰੀ ਦਾ ਕੰਮ ਬੰਦ ਹੋ ਰਿਹਾ ਹੈ ਜਿਸ ਕਾਰਨ ਉਸਾਰੀ ਮਜ਼ਦੂਰ ਵਿਹਲਾ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਰੇਤਾ ਬਜਰੀ ਨਹੀਂ ਮਿਲ ਰਿਹਾ ਉਦੋਂ ਤੱਕ ਉਸਾਰੀ ਮਜ਼ਦੂਰਾਂ ਦੇ ਖਾਤਿਆਂ ਵਿੱਚ 10 ਹਜ਼ਾਰ ਰੁਪਈਏ ਪ੍ਰਤੀ ਮਹੀਨਾ ਪਾਇਆ ਜਾਵੇ। ਮਨਰੇਗਾ ਮਜ਼ਦੂਰਾਂ ਨੂੰ ਸਾਲ ਵਿੱਚ ਤਿੰਨ ਮਹੀਨੇ ਕੰਮ ਦਿੱਤਾ ਜਾਂਦਾ ਹੈ ਬਾਕੀ ਨੌਂ ਮਹੀਨੇ ਵਿਹਲਾ ਰਹਿਣਾ ਪੈਂਦਾ ਹੈ। ਯੂਨੀਅਨ ਨੇ ਮੰਗ ਕੀਤੀ ਕਿ ਮਨਰੇਗਾ ਦਾ ਕੰਮ ਪੂਰਾ ਸਾਲ ਚਲਾਇਆ ਜਾਵੇ ਤਾਂ ਜੋ ਨਰੇਗਾ ਮਜ਼ਦੂਰ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਢੰਗ ਨਾਲ ਕਰ ਸਕਣ। ਕੇਰਲਾ ਸਰਕਾਰ ਵਾਂਗ ਮਜਦੂਰਾਂ ਨੂੰ ਲਾਭ ਦਿੱਤੇ ਜਾਣ। ਇਸ ਤੋਂ ਇਲਾਵਾ ਜੋ ਸੈਂਟਰ ਸਰਕਾਰ ਵੱਲੋਂ ਖਾਣ-ਪੀਣ ਦੀਆਂ ਚੀਜਾਂ ਦੁੱਧ ਦਹੀਂ ਪਨੀਰ ਤੇ ਜੀ ਐਸ ਟੀ ਲਗਾਇਆ ਹੈ ਉਸਨੂੰ ਤੁਰੰਤ ਵਾਪਸ ਲਿਆ ਜਾਵੇ। ਵੱਧ ਰਹੀ ਮਹਿੰਗਾਈ ਨੂੰ ਮੁੱਖ ਰੱਖਦੇ ਹੋਏ 22 ਸਤੰਬਰ ਨੂੰ ਨੂਰਪੁਰ ਬੇਦੀ ਰੈਲੀ ਅਤੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਜਥੇਬੰਦੀ ਦੇ ਆਗੂ ਭਜਨ ਸਿੰਘ ਸੰਦੋਆ, ਬਲਜਿੰਦਰ ਪੰਡਤ, ਰਾਮ ਸਿੰਘ ਸੈਣੀਮਾਜਰਾ, ਪ੍ਰੇਮ ਜੱਟ ਪਰ, ਰਾਜਿੰਦਰ ਕੁਮਾਰ ,ਗਲਧਾਰੀ ਲਾਲ ਆਦਿ ਹਾਜ਼ਰ ਸਨ।