ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 2 ਮਾਰਚ
ਯੂਕਰੇਨ ਤੇ ਰੂਸ ਵਿਚਾਲੇ ਚੱਲ ਰਹੀ ਜੰਗ ਕਾਰਨ ਵੱਡੀ ਗਿਣਤੀ ਭਾਰਤੀ ਯੂਕਰੇਨ ਵਿੱਚ ਫਸੇ ਹੋਏ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਡਾਕਟਰੀ ਦੀ ਪੜ੍ਹਾਈ ਕਰਨ ਗਏ ਹਨ। ਇਸ ਪੇਸ਼ੇ ਦੇ ਮਾਹਿਰਾਂ ਅਤੇ ਹੋਰ ਬੁੱਧੀਜੀਵੀਆਂ ਅਨੁਸਾਰ ਭਾਰਤ ਦੇ ਮੈਡੀਕਲ ਕਾਲਜਾਂ/ਯੂਨੀਵਰਸਿਟੀਆਂ ਵਿੱਚ ਸੀਟਾਂ ਦੀ ਘਾਟ ਅਤੇ ਫੀਸਾਂ ਵਧ ਹੋਣ ਕਾਰਨ ਨੌਜਵਾਨ ਡਾਕਟਰੀ ਦੀ ਪੜ੍ਹਾਈ ਲਈ ਯੂਕਰੇਨ, ਪੋਲੈਂਡ, ਚੀਨ ਤੇ ਹੋਰ ਦੇਸ਼ਾਂ ਵਿੱਚ ਜਾਂਦੇ ਹਨ।
ਐੱਮਬੀਬੀਐੱਸ ਦੇ ਸਹਾਇਕ ਪ੍ਰੋਫੈਸਰ ਅਤੇ ਐੱਮਐੱਸ ਆਰਥੋਪੈਡਿਕ ਡਾ. ਸੰਦੀਪ ਜੌੜਾ ਨੇ ਦੱਸਿਆ ਕਿ ਉਹ ਰੂਸ ਤੇ ਯੂਕਰੇਨ ਤੋਂ ਪੜ੍ਹ ਕੇ ਆਏ ਹਨ। ਉਹ ਭਾਰਤ ਵਿੱਚ ਆ ਕੇ ਐੱਮਸੀਆਈ ਸਕਰੀਨਿੰਗ ਟੈਸਟ ਪਾਸ ਕਰਨ ਮਗਰੋਂ ਬਤੌਰ ਐੱਮਬੀਬੀਐੱਸ ਰਜਿਸਟਰਡ ਹੋਏ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਬਾਹਰਲੇ ਦੇਸ਼ਾਂ ਵਿਚ ਪੜ੍ਹਾਈ ਸੌਖੀ ਹੋਣ ਕਰਕੇ ਨਹੀਂ ਜਾਂਦੇ, ਸਗੋਂ ਪੜ੍ਹਾਈ ਸਸਤੀ ਹੋਣ ਕਾਰਨ ਜਾਂਦੇ ਹਨ। ਮੱਧਵਰਗੀ ਪਰਿਵਾਰਾਂ ਦੇ ਬੱਚਿਆਂ ਲਈ ਆਪਣਾ ਘਰ ਛੱਡ ਕੇ ਬੇਗਾਨੇ ਮੁਲਕ ਰਹਿਣਾ ਸੌਖਾ ਨਹੀਂ ਹੁੰਦਾ। ਸਰਕਾਰ ਮੈਡੀਕਲ ਕਾਲਜਾਂ ’ਤੇ ਨਿੱਜੀਕਰਨ ਬੰਦ ਕਰ ਕੇ ਸੀਟਾਂ ਦੀ ਗਿਣਤੀ ਵਧਾਵੇ ਤਾਂ ਜੋ ਵਿਦਿਆਰਥੀ ਡਾਕਟਰ ਬਣ ਕੇ ਇੱਥੇ ਹੀ ਸੇਵਾ ਕਰਨ।
ਡਾ. ਪ੍ਰਭਜੋਤ ਕੌਰ ਗਿੱਲ ਨੇ ਕਿਹਾ ਕਿ ਸਰਕਾਰੀ ਤੇ ਅਰਧ ਸਰਕਾਰੀ ਮੈਡੀਕਲ ਕਾਲਜਾਂ ਵਿਚ ਅੱਜ-ਕੱਲ੍ਹ ਐੱਮਬੀਬੀਐੱਸ ਕਰਨ ਲਈ ਖਰਚਾ 70-80 ਲੱਖ ਰੁਪਏ ਤੱਕ ਪਹੁੰਚ ਜਾਂਦਾ ਹੈ, ਜਦਕਿ ਯੂਕਰੇਨ ਵਿਚ ਇਹ ਪੜ੍ਹਾਈ ਲਗਪਗ 25-30 ਲੱਖ ਰੁਪਏ ਵਿਚ ਹੋ ਜਾਂਦੀ ਹੈ। ਮੱਧਵਰਗੀ ਤੇ ਮੁਲਾਜ਼ਮ ਵਰਗ ਆਪਣੇ ਬੱਚੇ ਇੱਥੋਂ ਦੇ ਕਾਲਜਾਂ ਵਿਚ ਨਹੀਂ ਪੜ੍ਹਾ ਸਕਦੇ। ਸਰਕਾਰ ਨੂੰ ਮੈਡੀਕਲ ਕਾਲਜਾਂ ਦੀਆਂ ਫ਼ੀਸਾਂ ਘਟ ਕਰਨੀਆਂ ਚਾਹੀਦੀਆਂ ਹਨ। ਡਾ. ਭੁਪਿੰਦਰ ਸਿੰਘ ਬੈਂਸ ਨੇ ਕਿਹਾ ਕਿ ਯੂਕਰੇਨ ਤੋਂ ਵਾਪਸ ਆ ਰਹੇ ਬੱਚਿਆਂ ਦਾ ਭਵਿੱਖ ਦਾਅ ’ਤੇ ਲੱਗਿਆ ਹੈ। ਸਰਕਾਰ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਹੈ।
‘ਮੈਡੀਕਲ ਸਿੱਖਿਆ ਦੇ ਵਪਾਰੀਕਰਨ ਨੇ ਡਾਕਟਰ ਬਣਨ ਦੇ ਸੁਫ਼ਨੇ ਖੋਹੇ’
ਫਿਜ਼ੀਓਥੈਰੇਪਿਸਟ ਡਾ. ਬੇਅੰਤ ਕੌਰ ਪੱਤੋਂ ਨੇ ਕਿਹਾ ਕਿ ਭਾਰਤ ਵਿਚ ਮੈਡੀਕਲ ਸਿੱਖਿਆ ਦੇ ਵਪਾਰੀਕਰਨ ਤੇ ਨਿੱਜੀਕਰਨ ਨੇ ਮੱਧ ਵਰਗੀ ਲੋਕਾਂ ਤੋਂ ਡਾਕਟਰ ਬਣਨ ਦੇ ਸੁਫ਼ਨੇ ਖੋਹ ਲਏ ਹਨ। ਅਮੀਰ ਘਰਾਂ ਦੇ ਬੱਚੇ ਹੀ ਡਾਕਟਰ ਬਣ ਸਕਦੇ ਹਨ। ਜੇ ਸਾਡੇ ਦੇਸ਼ ਵਿਚ ਜਾਇਜ਼ ਫੀਸਾਂ ਵਿਚ ਮੈਡੀਕਲ ਸਿੱਖਿਆ ਮਿਲਦੀ ਹੋਵੇ ਤਾਂ ਯੂਕਰੇਨ ਵਿਚ ਫਸੇ ਬੱਚਿਆਂ ਦੇ ਮਾਪਿਆਂ ਨੂੰ ਅੱਜ ਇਹ ਦਿਨ ਨਾ ਦੇਖਣੇ ਪੈਂਦੇ। ਸਰਕਾਰ ਨੂੰ ਆਪਣੀਆਂ ਸਿੱਖਿਆ ਨੀਤੀਆਂ ਵਿਚ ਸੁਧਾਰ ਕਰਨਾ ਚਾਹੀਦਾ ਹੈ।