ਸੰਜੀਵ ਤੇਜਪਾਲ
ਮੋਰਿੰਡਾ, 29 ਅਪਰੈਲ
ਨੇੜਲੇ ਪਿੰਡ ਮਾਨਪੁਰ ਨੇੜੇ ਅੱਗ ਲੱਗਣ ਨਾਲ ਲਗਪਗ 40 ਏਕੜ ਦੇ ਕਰੀਬ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਪਿੰਡ ਮਾਨਪੁਰ ਵਾਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਪਿਆਰਾ ਸਿੰਘ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਦੇ ਆਪਸ ਵਿੱਚ ਜੁੜਨ ਨਾਲ ਨਿਕਲੀਆਂ ਚੰਗਿਆੜੀਆਂ ਕਾਰਨ ਨਾੜ ਨੂੰ ਅੱਗ ਲੱਗੀ। ਉਨ੍ਹਾਂ ਦੱਸਿਆ ਕਿ ਉਹ ਬਿਜਲੀ ਬੋਰਡ ਮੋਰਿੰਡਾ ਦੇ ਸਬੰਧਤ ਜੇਈ ਨੂੰ ਕਈ ਵਾਰ ਢਿੱਲੀਆਂ ਤਾਰਾਂ ਬਾਰੇ ਦੱਸ ਚੁੱਕੇ ਹਨ ਪਰ ਕਿਸੇ ਨੇ ਤਾਰਾਂ ਦੀ ਮੁਰੰਮਤ ਨਹੀਂ ਕਰਵਾਈ। ਇਸ ਕਾਰਨ ਹਨੇਰੀ ਚੱਲਣ ਦੌਰਾਨ ਤਾਰਾਂ ਆਪਸ ਵਿੱਚ ਜੁੜ ਗਈਆਂ ਤੇ ਚੰਗਿਆੜੀਆਂ ਨਿਕਲਣ ਕਾਰਨ ਅੱਗ ਲੱਗ ਗਈ। ਅੱਗ ’ਤੇ ਮੁਸ਼ਕਲ ਨਾਲ ਕਾਬੂ ਪਾਇਆ ਗਿਆ। ਇਸ ਦੌਰਾਨ ਕੁਲਵਿੰਦਰ ਸਿੰਘ, ਹਰਦੀਪ ਸਿੰਘ, ਪਰਮਿੰਦਰ ਸਿੰਘ ਅਤੇ ਕੁੱਝ ਹੋਰ ਕਿਸਾਨਾਂ ਦਾ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਪੀੜਤਾਂ ਨੇ ਪੀਐੱਸਪੀਸੀਐੱਲ ਤੋਂ ਇਸ ਸਬੰਧੀ ਮੁਆਵਜ਼ੇ ਦੀ ਮੰਗ ਕੀਤੀ ਹੈ।