ਡੇਰਾ ਬਾਬਾ ਨਾਨਕ (ਰਾਜਿੰਦਰ ਸਿੰਘ): ਇੱਥੇ ਵਗਦੇ ਰਾਵੀ ਦਰਿਆ ਵਿੱਚ ਅੱਜ ਪਾਣੀ ਦਾ ਪੱਧਰ ਵਧਣ ਕਾਰਨ ਦਰਿਆ ਨਾਲ ਲਗਦੇ ਪਿੰਡਾਂ ਵਿੱਚ ਹੜ੍ਹ ਦਾ ਖਤਰਾ ਬਣ ਗਿਆ ਹੈ। ਇਸ ਤੋਂ ਇਲਾਵਾ ਰਾਵੀ ਦਰਿਆ ਦੇ ਪਾਰ ਪੈਂਦੇ 7 ਪਿੰਡਾਂ ਦਾ ਸੰਪਰਕ ਵੀ ਪੂਰੀ ਤਰ੍ਹਾਂ ਟੁੱਟ ਗਿਆ ਹੈ। ਡੇਰਾ ਬਾਬਾ ਨਾਨਕ ਦੇ ਪਿੰਡ ਧਰਮਕੋਟ ਪੱਤਣ, ਗੁਰਚੱਕ, ਡਾਲਾ, ਮਨਸੂਰ ਤੇ ਘੋਨੇਵਾਲਾ, ਜੋ ਅਜਨਾਲਾ ’ਚ ਵੀ ਪੈਂਦਾ ਹੈ ਅਤੇ ਘਣੀਏ ਕੇ ਬੇਟ ਦੇ ਵਸਨੀਕ ਅੱਜ ਸਹਿਮ ਵਿੱਚ ਸਨ। ਰਾਵੀ ਦਾ ਪਾਣੀ ਇਸ ਵੇਲੇ ਦਰਿਆ ਤੋਂ ਬਾਹਰ ਵਗ ਰਿਹਾ ਹੈ ਤੇ ਨੇੜਲੇ ਪਿੰਡਾਂ ਦੇ ਕਈ ਖੇਤ ਇਸ ਦੀ ਜ਼ੱਦ ਵਿੱਚ ਆ ਗਏ ਹਨ। ਸਥਾਨਕ ਵਸਨੀਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਹਰ ਸਾਲ ਸਰਕਾਰਾਂ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਸਿਰਫ਼ ਅਲਰਟ ਜਾਰੀ ਕਰ ਦਿੱਤੇ ਜਾਂਦੇ ਹਨ, ਜਦਕਿ ਅਜਿਹੀ ਸਥਿਤੀ ਲਗਪਗ ਹਰ ਸਾਲ ਹੀ ਬਣਦੀ ਹੈ, ਪਰ ਇਸ ਨਾਲ ਨਜਿੱਠਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ। ਇਸ ਮੌਕੇ ਡੇਰਾ ਬਾਬਾ ਨਾਨਕ ਸੈਕਟਰ ’ਚ ਤਾਇਨਾਤ ਫੌਜ ਦੇ ਜਵਾਨਾਂ ਨੇ ਵੀ ਹੜ੍ਹ ਨਾਲ ਨਜਿੱਠਣ ਲਈ ਮੋਰਚਾ ਸੰਭਾਲ ਲਿਆ ਹੈ ਤੇ ਕਈ ਗੁੱਜਰ ਪਰਿਵਾਰ ਸੁਰੱਖਿਅਤ ਖੇਤਰਾਂ ਵਿੱਚ ਪਹੁੰਚਾਏ ਗਏ ਹਨ। ਡੇਰਾ ਬਾਬਾ ਨਾਨਕ ਦੇ ਤਹਿਸੀਲਦਾਰ ਪਰਮਪਾਲ ਸਿੰਘ ਨੇ ਅੱਜ ਵੀ ਪਿੰਡ ਘਣੀਏ ਕੇ ਬੇਟ ਦਾ ਦੌਰਾ ਕਰ ਕੇ ਰਾਵੀ ਦੇ ਸਥਿਤੀ ਦਾ ਜਾਇਜ਼ਾ ਲਿਆ ਤੇ ਹੜ੍ਹਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਦੀ ਪੂਰੀ ਤਿਆਰੀ ਹੋਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਹੜ੍ਹ ਕੰਟਰੋਲ ਰੂਮ ਬਣਾਏ ਗਏ ਹਨ।