ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਜਨਵਰੀ
ਕਿਸਾਨਾਂ ਦੀ ਸਿਆਸੀ ਪਾਰਟੀ ਸੰਯੁਕਤ ਸਮਾਜ ਮੋਰਚੇ ਵੱਲੋਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਿਸ ਮਗਰੋਂ ਸਮਰਾਲਾ ਹੁਣ ਸੂਬੇ ਦੀ ਸਭ ਤੋਂ ਅਹਿਮ ਸੀਟ ਬਣ ਗਈ ਹੈ। ਅਠੱਤਰ ਸਾਲਾ ਕਿਸਾਨ ਆਗੂ ਰਾਜੇਵਾਲ ਦੇ ਦਾਖ਼ਲੇ ਨਾਲ ਹੁਣ ਸਮਰਾਲਾ ਵਿਧਾਨ ਸਭਾ ਹਲਕੇ ਦੇ ਸਿਆਸੀ ਸਮੀਕਰਨ ਵੀ ਬਦਲ ਗਏ ਹਨ। ਨਾਲ ਹੀ ਸਾਰੀਆਂ ਹੀ ਰਵਾਇਤੀ ਧਿਰਾਂ ਦੇ ਆਗੂਆਂ ਦੀ ਸਿਆਸੀ ਪਰੇਸ਼ਾਨੀ ਵੀ ਵਧ ਗਈ ਹੈ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਰਾਜੇਵਾਲ ਸਮਰਾਲਾ ਦੇ ਨਾਲ ਆਸ-ਪਾਸ ਦੇ ਕਈ ਹਲਕਿਆਂ ਵਿੱਚ ਵੀ ਆਪਣਾ ਅਸਰ ਦਿਖਾਉਣਗੇ। ਦਰਅਸਲ, 1.67 ਲੱਖ ਵੋਟਾਂ ਵਾਲੇ ਵਿਧਾਨ ਸਭਾ ਹਲਕਾ ਸਮਰਾਲਾ ਵਿੱਚ ਮੌਜੂਦਾ ਸਮੇਂ ਵਿੱਚ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਹਨ। 1997 ਤੋਂ ਉਹ ਹੁਣ ਤੱਕ ਚਾਰ ਵਾਰ ਜਿੱਤੇ ਹਨ।