ਰਮੇਸ਼ ਭਾਰਦਵਾਜ
ਲਹਿਰਾਗਾਗਾ, 17 ਜੁਲਾਈ
ਇਥੋਂ ਦੇ ਵਾਰਡ ਪੰਜ ਦੇ ਵਸਨੀਕ ਅਤੇ ਚਾਰ ਭੈਣਾਂ ਦੇ ਇਕਲੌਤੇ ਭਰਾ ਰਾਕੇਸ਼ ਕੁਮਾਰ ਹੀਰੂ ਪੁੱਤਰ ਮਾਂਗੇ ਰਾਮ ਨੇ ਆਰਥਿਕ ਤੰਗੀ ਕਾਰਨ ਤੜਕੇ ਆਪਣੇ ਘਰ ਦੇ ਪੱਖੇ ਨਾਲ ਫਾਹਾ ਲੈ ਲਿਆ। ਉਹ ਦੋ ਛੋਟੇ ਬੱਚਿਆਂ ਦਾ ਪਿਤਾ ਸੀ। ਉਹ ਪਹਿਲਾਂ ਦੁਕਾਨ ’ਤੇ ਨੌਕਰੀ ਕਰਦਾ ਸੀ ਅਤੇ ਬਾਅਦ ’ਚ ਰੋਜ਼ ਲੁਧਿਆਣਾ ਤੋਂ ਸਵਾਰੀ ਗੱਡੀ ਰਾਹੀਂ ਕਮਿਸ਼ਨ ਦੇ ਆਧਾਰ ’ਤੇ ਰੈਡੀਮੇਡ ਕੱਪੜੇ ਲਿਆ ਕੇ ਲਹਿਰਾਗਾਗਾ ਅਤੇ ਨੇੜਲੇ ਪਿੰਡਾਂ ’ਚ ਸਪਲਾਈ ਕਰਕੇ ਪਰਿਵਾਰ ਚਲਾ ਰਿਹਾ ਸੀ ਪਰ 23 ਮਾਰਚ ਮਗਰੋਂ ਰੇਲ ਗੱਡੀਆਂ ਬੰਦ ਹੋਣ ਕਰਕੇ ਉਸ ਦਾ ਧੰਦਾ ਠੱਪ ਹੋ ਗਿਆ। ਸਿਟੀ ਪੁਲੀਸ ਦੇ ਐੱਸਐੱਚਓ ਪਰਸ਼ੋਤਮ ਸ਼ਰਮਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਬੰਤ ਸਿੰਘ ਦੀ ਅਗਵਾਈ ’ਚ ਪਰਿਵਾਰ ਦੇ ਬਿਆਨ ’ਤੇ ਧਾਰਾ 174 ਅਧੀਨ ਕਾਰਵਾਈ ਕਰਦੇ ਹੋਏ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਅਗਰਵਾਲ ਸਭਾ ਯੂਥ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਗੋਇਲ ਅਤੇ ਉਪ ਪ੍ਰਧਾਨ ਦੀਪੂ ਨੇ ਰਾਕੇਸ਼ ਕੁਮਾਰ ਹੀਰਾ ਦੀ ਖੁ਼ਦਕੁਸ਼ੀ ’ਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।