ਜੋਗਿੰਦਰ ਸਿੰਘ ਮਾਨ
ਮਾਨਸਾ, 19 ਅਕਤੂਬਰ
ਹਰਿਆਣਾ ਵਿੱਚ ਆਦਮਪੁਰ ਦੀ ਜ਼ਿਮਨੀ ਚੋਣ ਅਤੇ ਪੰਚਾਇਤੀ ਚੋਣਾਂ ਕਾਰਨ ਡੀਏਪੀ ਖਾਦ ਦੇ ਜ਼ਿਆਦਾ ਰੈਕ ਉਧਰ ਜਾਣ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਖਾਦ ਦੀ ਤੋਟ ਪੈਦਾ ਹੋ ਗਈ ਹੈ। ਭਾਵੇਂ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਦੇ ਦਿਨ ਸਿਰ ’ਤੇ ਹਨ, ਪਰ ਮਾਲਵਾ ਖੇਤਰ ਦੇ ਬਾਜ਼ਾਰਾਂ ਵਿੱਚ ਡੀਏਪੀ ਖਾਦ ਦੀ ਤੋਟ ਪੈਣ ਕਾਰਨ ਅੰਨਦਾਤਾ ਪ੍ਰੇਸ਼ਾਨ ਹੋਣ ਲੱਗਿਆ ਹੈ। ਕਿਸਾਨਾਂ ਨੂੰ ਬਾਜ਼ਾਰ ਵਿੱਚ ਡੀਏਪੀ ਖਾਦ ਨਹੀਂ ਮਿਲ ਰਹੀ ਅਤੇ ਚੋਰ ਬਾਜ਼ਾਰੀ ਵਿੱਚ ਮਹਿੰਗੇ ਭਾਅ ਲੈ ਰਹੇ ਹਨ। ਜ਼ਿਕਰਯੋਗ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਕਣਕ ਦੇ ਚੰਗੇ ਝਾੜ ਲਈ ਬਿਜਾਈ ਦਾ ਢੁੱਕਵਾਂ ਸਮਾਂ ਅਕਤੂਬਰ ਦੇ ਚੌਥੇ ਹਫ਼ਤੇ ਤੋਂ 15 ਨਵੰਬਰ ਤੱਕ ਦੱਸਿਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਕੁਲਦੀਪ ਸਿੰਘ ਚੱਕ ਭਾਈਕੇ ਨੇ ਕਿਹਾ ਕਿ ਕਣਕ ਦੀ ਬਿਜਾਈ ਲਈ ਲੋੜੀਂਦੀ ਡੀਏਪੀ ਖਾਦ ਪਹਿਲਾਂ ਹੀ ਮੰਗਵਾਉਣੀ ਚਾਹੀਦੀ ਸੀ। ਪੰਜਾਬ ਦੇ ਹਿੱਸੇ ਦੀ ਖਾਦ ਹਰਿਆਣਾ ਵਿੱਚ ਆਦਮਪੁਰ ਦੀ ਜ਼ਿਮਨੀ ਚੋਣ ਤੇ ਪੰਚਾਇਤੀ ਵੋਟਾਂ ਹੋਣ ਕਾਰਨ ਉਧਰ ਭੇਜੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾਈ ਆਗੂ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਵੇਲੇ ਸਿਰ ਕਣਕ ਦੀ ਬਿਜਾਈ ਨਾ ਹੋਣ ਕਾਰਨ ਕਣਕ ਦੇ ਝਾੜ ’ਤੇ ਹੀ ਨਹੀਂ, ਸਗੋਂ ਗੁਣਵੱਤਾ ’ਤੇ ਵੀ ਅਸਰ ਪੈਂਦਾ ਹੈ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਸੱਤਪਾਲ ਸਿੰਘ ਰਾਏਕੋਟੀ ਨੇ ਦੱਸਿਆ ਕਿ ਬਹੁਤ ਛੇਤੀ ਇਫ਼ਕੋ, ਕ੍ਰਿਭਕੋ, ਕਾਰਗਿਲ ਅਤੇ ਹੋਰ ਕੰਪਨੀਆਂ ਦੀ ਡੀਏਪੀ ਬਾਜ਼ਾਰ ਵਿੱਚ ਪੁੱਜ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਖਾਦ ਵਿਕਰੇਤਾਵਾਂ ਵੱਲੋਂ ਖਾਦਾਂ ਨਾਲ ਬੇਲੋੜੀ ਖੇਤ ਸਮੱਗਰੀ ਕਿਸਾਨਾਂ ਨੂੰ ਨਾਲ ਲਗਾ ਕੇ ਦੇ ਦਿੱਤੀ ਜਾਂਦੀ ਹੈ ਅਤੇ ਜੇਕਰ ਕੋਈ ਵੀ ਖਾਦ ਵਿਕਰੇਤਾ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਉਧਰ, ਮਾਨਸਾ ਦੇ ਡੀਸੀ ਬਲਦੀਪ ਕੌਰ ਨੇ ਦੱਸਿਆ ਕਿ ਹਾੜ੍ਹੀ 2022-23 ਦੀਆਂ ਫ਼ਸਲਾਂ ਲਈ ਜ਼ਿਲ੍ਹਾ ਮਾਨਸਾ ਦੇ ਕਿਸਾਨਾਂ ਨੂੰ 25000 ਟਨ ਡੀਏਪੀ ਖਾਦ ਦੀ ਜ਼ਰੂਰਤ ਹੋਵੇਗੀ ਅਤੇ ਬਿਨ੍ਹਾਂ ਕਿਸੇ ਦਿੱਕਤ ਇਹ ਖਾਦ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਸਹਿਕਾਰਤਾ ਵਿਭਾਗ ਨਾਲ ਤਾਲਮੇਲ ਰੱਖਿਆ ਜਾ ਰਿਹਾ ਹੈ।