ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਸਤੰਬਰ
ਪੰਜਾਬ ਵਿਚ ਇੱਟਾਂ ਦੇ ਭੱਠੇ ਬੰਦ ਪਏ ਹਨ ਅਤੇ ਇਸੇ ਦੌਰਾਨ ਰੇਤਾ, ਬਜਰੀ ਦੇ ਭਾਅ ਵੀ ਵਧਣ ਲੱਗੇ ਹਨ। ਉਪਰੋਂ ਰੇਤੇ ਦੀ ਨਵੀਂ ਖੁਦਾਈ ਦਾ ਕੰਮ ਵੀ ਲਟਕ ਗਿਆ ਹੈ। ਆਮ ਲੋਕ ਪ੍ਰੇਸ਼ਾਨ ਹਨ ਅਤੇ ਮਜ਼ਦੂਰ ਬੇਰੁਜ਼ਗਾਰੀ ਮਾਰ ਹੇਠ ਆ ਗਏ ਹਨ। ਪੰਜਾਬ ’ਚ ਉਸਾਰੀ ਦਾ ਕੰਮ ਪ੍ਰਭਾਵਿਤ ਹੋਣ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਤਕਰੀਬਨ 2600 ਭੱਠੇ ਹਨ, ਜਿਨ੍ਹਾਂ ’ਚੋਂ 1700 ਭੱਠੇ ਵਰਕਿੰਗ ਹਨ। ਹੁਣ ਸਾਰੇ ਭੱਠਾ ਮਾਲਕਾਂ ਨੇ 12 ਸਤੰਬਰ ਤੋਂ ਇੱਟਾਂ ਦੇ ਭੱਠੇ ਬੰਦ ਕੀਤੇ ਹੋਏ ਹਨ। ਇਹ ਹੜਤਾਲ 17 ਸਤੰਬਰ ਤੱਕ ਚੱਲਣੀ ਹੈ। ਭੱਠਾ ਮਾਲਕਾਂ ਦੀ ਐਸੋਸੀਏਸ਼ਨ ਦੇ ਸੂਬਾ ਖਜ਼ਾਨਚੀ ਪਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਭੱਠਿਆਂ ’ਤੇ ਜੀਐੱਸਟੀ ਛੇ ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤਾ ਹੈ, ਜਿਸ ਦਾ ਸਿੱਧਾ ਬੋਝ ਆਮ ਲੋਕਾਂ ’ਤੇ ਪੈਣਾ ਹੈ। ਉਨ੍ਹਾਂ ਕਿਹਾ ਕਿ ਇਸੇ ਰੋਸ ਵਿੱਚ ਭੱਠੇ ਬੰਦ ਕੀਤੇ ਗਏ ਹਨ ਤਾਂ ਜੋ ਆਮ ਲੋਕਾਂ ਨੂੰ ਇਸ ਨਵੀਂ ਬਿਪਤਾ ਤੋਂ ਜਾਣੂ ਕਰਾਇਆ ਜਾ ਸਕੇ। ਭੱਠਾ ਮਾਲਕ ਮਨਪ੍ਰੀਤ ਸਿੰਘ ਰਾਮਪੁਰਾ ਆਖਦੇ ਹਨ ਕਿ ਭੱਠੇ ਬੰਦ ਹੋਣ ਕਰ ਕੇ ਉਸਾਰੀ ਦੇ ਕੰਮ ਰੁਕ ਗਏ ਹਨ ਅਤੇ ਸਰਕਾਰੀ ਵਿਕਾਸ ਕਾਰਜ ਵੀ ਪ੍ਰਭਾਵਿਤ ਹੋਣ ਲੱਗੇ ਹਨ।
ਬੇਸ਼ੱਕ ਇਨ੍ਹਾਂ ਦਿਨਾਂ ਵਿੱਚ ਭੱਠਿਆਂ ਦਾ ‘ਆਫ ਸੀਜ਼ਨ’ ਹੁੰਦਾ ਹੈ ਪ੍ਰੰਤੂ ਫਿਰ ਵੀ ਹਰੇਕ ਭੱਠੇ ਤੋਂ ਔਸਤਨ 10 ਹਜ਼ਾਰ ਰੋਜ਼ਾਨਾਂ ਇੱਟਾਂ ਦੀ ਵਿਕਰੀ ਹੁੰਦੀ ਹੈ ਜੋ ਕਿ ਪੀਕ ਸੀਜ਼ਨ ’ਚ 30 ਹਜ਼ਾਰ ਰੋਜ਼ਾਨਾ ਤੋਂ ਜ਼ਿਆਦਾ ਦੀ ਵਿਕਰੀ ਹੁੰਦੀ ਹੈ। ਸ਼ਹਿਰੀ ਖੇਤਰ ਵਿੱਚ ਉਸਾਰੀ ਪ੍ਰਾਜੈਕਟ ’ਤੇ ਵੀ ਪ੍ਰਭਾਵ ਪੈਣ ਲੱਗਿਆ ਹੈ। ਜਾਣਕਾਰੀ ਮੁਤਾਬਕ ਪੇਂਡੂ ਵਿਕਾਸ ਦੇ ਜੋ ਸਰਕਾਰੀ ਕਾਰਜ ਚੱਲ ਰਹੇ ਸਨ, ਉਨ੍ਹਾਂ ਵਿੱਚ ਵੀ ਖੜੋਤ ਆ ਗਈ ਹੈ। ਪੰਜਾਬ ਵਿੱਚ ਇਸ ਵੇਲੇ ਇੱਟਾਂ ਦਾ ਭਾਅ ਵੀ 6200 ਰੁਪਏ ਤੋਂ ਲੈ ਕੇ ਸੱਤ ਹਜ਼ਾਰ ਰੁਪਏ ਪ੍ਰਤੀ ਹਜ਼ਾਰ ਤੱਕ ਦਾ ਹੈ। ਮੁਹਾਲੀ, ਜ਼ੀਰਕਪੁਰ ਤੇ ਰੋਪੜ ਦੇ ਇਲਾਕੇ ਵਿੱਚ ਭੱਠੇ ਬੰਦ ਹੋਣ ਦਾ ਖਾਸ ਅਸਰ ਦਿੱਖਣ ਲੱਗਿਆ ਹੈ।
ਇਸੇ ਦੌਰਾਨ ਪੰਜਾਬ ਵਿੱਚ ਮੌਨਸੂਨ ਸੀਜ਼ਨ ਵਿੱਚ ਮਾਈਨਿੰਗ ਬੰਦ ਹੋਣ ਕਾਰਨ ਰੇਤਾ, ਬਜਰੀ ਦੀ ਕਿੱਲਤ ਵੀ ਹੋਣ ਲੱਗੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਰੇਤਾ ਖੱਡਾਂ ਦੀ ਨਵੀਂ ਨਿਲਾਮੀ ਕੀਤੇ ਜਾਣ ਨੂੰ ਬਰੇਕ ਲਗਾ ਦਿੱਤੀ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ ਵਾਤਾਵਰਨ ਕਲੀਅਰੈਂਸ ਤੋਂ ਬਿਨਾਂ ਨਵੇਂ ਟੈਂਡਰ ਅਲਾਟ ਨਾ ਕੀਤੇ ਜਾਣ। ਮਾਈਨਿੰਗ ਵਿਭਾਗ ਨੇ ਹਾਲੇ ਤੱਕ ਵਾਤਾਵਰਨ ਕਲੀਅਰੈਂਸ ਨਹੀਂ ਲਈ ਹੈ ਅਤੇ ਇਸ ਪ੍ਰਕਿਰਿਆ ’ਤੇ ਕਰੀਬ ਇੱਕ ਮਹੀਨਾ ਤੋਂ ਜ਼ਿਆਦਾ ਸਮਾਂ ਲੱਗ ਸਕਦਾ ਹੈ। ਨਵੀਂ ਖੁਦਾਈ ਦਾ ਕੰਮ ਵੀ ਪੱਛੜ ਸਕਦਾ ਹੈ, ਜਿਸ ਨਾਲ ਬਾਜ਼ਾਰ ਵਿੱਚ ਰੇਤਾ, ਬਜਰੀ ਦੀ ਕਮੀ ਆਵੇਗੀ, ਜਿਸ ਨਾਲ ਰੇਤਾ, ਬਜਰੀ ਦੇ ਭਾਅ ਵੀ ਵਧ ਸਕਦੇ ਹਨ। ਪਤਾ ਲੱਗਿਆ ਹੈ ਕਿ ਰੇਤੇ ਦੇ ਭਾਅ 10 ਰੁਪਏ ਪ੍ਰਤੀ ਕੁਇੰਟਲ ਵਧ ਗਏ ਹਨ। ਰਾਮਪੁਰਾ ਦੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਰੇਤਾ ਪ੍ਰਤੀ ਕੁਇੰਟਲ ਹੁਣ 100 ਰੁਪਏ ਤੋਂ ਵੱਧ ਕੇ 110 ਰੁਪਏ ਹੋ ਗਿਆ ਹੈ। ਅੱਜ ਸ੍ਰੀ ਆਨੰਦਪੁਰ ਸਾਹਿਬ ਵਿੱਚ ਕੁਝ ਲੋਕਾਂ ਨੇ ਰੇਤੇ ਦੀ ਕਿੱਲਤ ਅਤੇ ਭਾਅ ’ਤੇ ਚੋਟ ਕਰਨ ਵਾਸਤੇ ਰੇਤੇ ਦਾ ਲੰਗਰ ਵੀ ਲਾਇਆ ਹੈ।
ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਰੇਤਾ, ਬਜਰੀ ਦਾ ਕੰਮ ਬੰਦ ਹੋਣ ਕਾਰਨ ਲੋਕ ਬੇਰੁਜ਼ਗਾਰ ਹੋ ਗਏ ਹਨ। ਮਜ਼ਦੂਰਾਂ ਨੂੰ ਦਿਹਾੜੀ ਲਈ ਲਾਲੇ ਪੈ ਗਏ ਹਨ। ਮੁਕਤਸਰ ਦੇ ਮਜ਼ਦੂਰ ਸ਼ਾਮ ਲਾਲ ਦਾ ਕਹਿਣਾ ਸੀ ਕਿ ਦੋ ਦਿਨਾਂ ਤੋਂ ਉਸਾਰੀ ਦੇ ਕੰਮ ਰੁਕ ਗਏ ਹਨ ਅਤੇ ਇੱਟਾਂ ਦੀ ਕਮੀ ਆ ਗਈ ਹੈ, ਜਿਸ ਨਾਲ ਉਨ੍ਹਾਂ ਨੂੰ ਹੁਣ ਖਾਲੀ ਹੱਥ ਘਰਾਂ ਨੂੰ ਪਰਤਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮਸਲੇ ਦੇ ਹੱਲ ਦੀ ਮੰਗ ਕੀਤੀ ਹੈ।