ਪੱਤਰ ਪ੍ਰੇਰਕ
ਸ਼ਾਹਕੋਟ, 19 ਜੂਨ
ਦੁਬਈ ਵਿੱਚ ਝੂਠੇ ਕਤਲ ਕੇਸ ’ਚ 14 ਸਾਲ ਦੀ ਕੈਦ ਕੱਟਣ ਤੋਂ ਬਾਅਦ ਘਰ ਪਰਤੇ ਨੌਜਵਾਨ ਦੇ ਘਰ ਖੁਸ਼ੀ ਦਾ ਮਾਹੌਲ ਹੈ। ਦੁਬਈ ਤੋਂ ਪਰਤੇ ਨੌਜਵਾਨ ਪਲਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2006 ਵਿੱਚ ਉਹ ਦੁਬਈ ਗਿਆ ਸੀ ਪਰ ਸਾਲ 2008 ਵਿੱਚ ਉਸਨੂੰ ਕਤਲ ਦੇ ਇਕ ਝੂਠੇ ਕੇਸ ਵਿੱਚ ਉਮਰ ਕੈਦ ਅਤੇ 1 ਕਰੋੜ 5 ਲੱਖ 30 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਹੋ ਗਈ ਸੀ। ਕੈਦ ਤਾਂ ਉਸ ਨੇ ਕੱਟ ਲਈ ਪਰ ਜੁਰਮਾਨੇ ਦੀ ਭਾਰੀ ਰਕਮ ਅਦਾ ਨਾ ਕਰਨ ’ਤੇ ਉਹ ਰਿਹਾਅ ਨਹੀਂ ਹੋ ਸਕਿਆ ਸੀ।
ਨੌਜਵਾਨ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਸਰਪੰਚ ਹਰਕੀਰਤ ਕੌਰ ਦੇ ਪਤੀ ਕਮਲਜੀਤ ਸਿੰਘ ਨੇ ਦੁਬਈ ਦੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਟਰੱਸਟੀ ਐੱਸਪੀ ਸਿੰਘ ਓਬਰਾਏ ਨਾਲ ਸੰਪਰਕ ਸਾਧਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੰਯੁਕਤ ਰੂਪ ’ਚ ਦੁਬਈ ਦੇ ਵਕੀਲਾਂ ਨਾਲ ਰਾਬਤਾ ਕਾਇਮ ਕੀਤਾ। ਐੱਸਪੀ ਸਿੰਘ ਓਬਰਾਏ ਨੇ ਕਿਹਾ ਕਿ ਉਨ੍ਹਾਂ ਨੇ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਤਾਲਮੇਲ ਕਰ ਕੇ 1 ਕਰੋੜ 5 ਲੱਖ 30 ਹਜ਼ਾਰ ਰੁਪਏ ਦੀ ਰਾਸ਼ੀ ਇਕੱਠੀ ਕੀਤੀ। ਹਰ 6-6 ਮਹੀਨੇ ਬਾਅਦ ਉਨ੍ਹਾਂ ਨੂੰ ਦੁਬਈ ਵਿੱਚ ਕੇਸ ਦੀ ਪੈਰਵੀ ਕਰਨ ਲਈ ਜਾਣਾ ਪੈਂਦਾ ਸੀ। ਲੰਬੀ ਕਾਨੂੰਨੀ ਲੜਾਈ ਲੜ ਕੇ ਤੇ ਭਾਰੀ ਜੁਰਮਾਨਾ ਅਦਾ ਕਰਨ ਤੋਂ ਬਾਅਦ ਉਹ ਨੌਜਵਾਨ ਨੂੰ ਰਿਹਾਅ ਕਰਵਾਉਣ ਵਿੱਚ ਕਾਮਯਾਬ ਹੋਏ ਹਨ। ਸ੍ਰੀ ਓਬਰਾਏ ਨੇ ਵਿਦੇਸ਼ਾਂ ਵਿੱਚ ਫਸੇ ਨੌਜਵਾਨਾਂ ਅਤੇ ਅਰਬ ਦੇਸ਼ਾਂ ਵਿੱਚ ਫਸੀਆਂ 370 ਲੜਕੀਆਂ ਨੂੰ ਭਾਰਤ ਲਿਆਉਣ ਅਤੇ ਏਜੰਟਾਂ ਉੱਪਰ ਨਕੇਲ ਕੱਸਣ ਦੀ ਅਪੀਲ ਕੀਤੀ ਹੈ।