ਪੱਤਰ ਪ੍ਰੇਰਕ
ਚੰਡੀਗੜ੍ਹ, 22 ਮਾਰਚ
ਦੇਸ਼ ਦੇ ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਵੱਲੋਂ ਸਿੱਖਿਆ ਪ੍ਰਬੰਧ ਨੂੰ ਲੋੜ ਅਨੁਸਾਰ ਬਦਲਣ ਲਈ ਸਿੱਖਿਆ ਦਾ ਭਗਵਾਂਕਰਨ ਜ਼ਰੂਰੀ ਕਰਾਰ ਦੇਣ ਸਬੰਧੀ ਦਿੱਤੇ ਗਏ ਬਿਆਨ ਦਾ ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਤਿੱਖਾ ਵਿਰੋਧ ਕੀਤਾ ਹੈੈ। ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਕਿਹਾ ਕਿ ਸੰਵਿਧਾਨਕ ਅਹੁਦੇ ’ਤੇ ਬੈਠੇ ਸ੍ਰੀ ਨਾਇਡੂ ਵੱਲੋਂ ਸਿੱਖਿਆ ਦੇ ਭਗਵੇਂਕਰਨ ਦੇ ਹੱਕ ਵਿੱਚ ਦਿੱਤਾ ਅਜਿਹਾ ਬਿਆਨ ਆਰਐੱਸਐੱਸ ਦੇ ਫਾਸ਼ੀਵਾਦੀ ਏਜੰਡੇ ਤਹਿਤ ਸਿੱਖਿਆ ਦੇ ਭਗਵਾਂਕਰਨ ਦੀ ਨੀਤੀ ਨੂੰ ਸਰਕਾਰ ਦੀ ਨੀਤੀ ਬਣਾਉਣ ਦਾ ਹੀ ਹਿੱਸਾ ਹੈ। ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ-2020 ਰਾਹੀਂ ਸਮੁੱਚੇ ਸਿੱਖਿਆ ਪਾਠਕ੍ਰਮ ਅਤੇ ਵਿਸ਼ੇਸ਼ ਤੌਰ ’ਤੇ ਇਤਿਹਾਸ, ਵਿਗਿਆਨ ਤੇ ਸਾਹਿਤ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ।