ਨਿੱਜੀ ਪੱਤਰ ਪ੍ਰੇਰਕ
ਮੋਗਾ, 9 ਅਪਰੈਲ
ਇੱਥੇ ਕਾਮਰੇਡ ਨਛੱਤਰ ਸਿੰਘ ਯਾਦਗਾਰੀ ਹਾਲ ਵਿੱਚ ਅੱਜ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਜਥੇਬੰਦਕ ਇਜਲਾਸ ਵਿੱਚ ਅਧਿਆਪਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਕੇਂਦਰ ਤੇ ਰਾਜ ਸਰਕਾਰ ਦੀਆਂ ਸਿੱਖਿਆ ਦੇ ਨਿੱਜੀਕਰਨ, ਭਗਵਾਂਕਰਨ ਤੇ ਵਪਾਰੀਕਰਨ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ। ਇਜਲਾਸ ਦੀ ਸ਼ੁਰੂਆਤ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਨੇ ਕੀਤੀ।
ਸੂਬਾ ਕਮੇਟੀ ਮੈਂਬਰ ਲਖਵੀਰ ਹਰੀਕੇ ਨੇ ਜਥੇਬੰਦੀ ਦੇ ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ ਅਤੇ ਸੰਘਰਸ਼ਾਂ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਸੂਬਾ ਵਿੱਤ ਸਕੱਤਰ ਜਸਵਿੰਦਰ ਬਠਿੰਡਾ ਨੇ ਵਿੱਤੀ ਰਿਪੋਰਟ ਪੇਸ਼ ਕੀਤੀ। ਸੂਬਾ ਕਮੇਟੀ ਮੈਂਬਰ ਨਵਚਰਨਪ੍ਰੀਤ ਕੌਰ ਨੇ ਮਹਿਲਾ ਅਧਿਆਪਕਾਂ ਦੀਆਂ ਸੰਘਰਸ਼ਾਂ ’ਚ ਹਿੱਸੇਦਾਰੀਆਂ ਤੇ ਇਸ ਦੀ ਲੋੜ ਬਾਰੇ ਚਾਨਣਾ ਪਾਇਆ। ਸੂਬਾ ਮੀਤ ਪ੍ਰਧਾਨ ਕਰਨੈਲ ਸਿੰਘ ਚਿੱਟੀ ਨੇ ਜਥੇਬੰਦੀ ਦੇ ਏਜੰਡੇ ’ਤੇ ਦਰਜ ਅਧਿਆਪਕ-ਮੰਗਾਂ ਵਿਸਥਾਰਤ ਰੂਪ ’ਚ ਪੇਸ਼ ਕਰਦਿਆਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਜਨਤਕ ਸਿੱਖਿਆ ਉਜਾੜਨ ਵਾਲੀ ਨਵੀਂ ਸਿੱਖਿਆ ਨੀਤੀ-2020 ਰੱਦ ਕਰਨ, ਖੇਤੀ, ਸਿੱਖਿਆ, ਸਨਅਤ, ਸਿਹਤ, ਬਿਜਲੀ, ਪਾਣੀ, ਟਰਾਂਸਪੋਰਟ, ਰੇਲਵੇ, ਡਿਫੈਂਸ, ਬੈਂਕ-ਬੀਮਾ ਸਮੇਤ ਮੁਲਕ ਦੇ ਅਰਥਚਾਰੇ ਨੂੰ ਕਾਰਪੋਰੇਟਾਂ ਤੋਂ ਵਾਪਸ ਲੈ ਕੇ ਜਨਤਕ ਖੇਤਰ ਅਧੀਨ ਲਿਆਉਣ, ਸਿੱਖਿਆ ਖੇਤਰ ’ਚ ਚੱਲਦੇ ਬੇਲੋੜੇ ਪ੍ਰਾਜੈਕਟ ਬੰਦ ਕਰਨ, ਪੁਰਾਣੀ ਪੈਨਸ਼ਨ ਸਕੀਮ ਮੁੜ ਬਹਾਲ ਕਰਨ, ਕੱਚੇ ਮੁਲਾਜ਼ਮਾਂ ਤੇ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਰੈਗੂਲਰ ਕਰਨ, ਸਮਾਰਟ ਸਕੂਲ ਪਾਲਿਸੀ ਰੱਦ ਕਰ ਕੇ ਸਿੱਖਿਆ ਬਜਟ ’ਚ ਵਾਧਾ ਕਰਨ ਦੀ ਮੰਗ ਕੀਤੀ। ਇਸ ਮੌਕੇ ਸੂਬਾ ਸਹਾਇਕ ਸਕੱਤਰ ਗੁਰਮੀਤ ਸਿੰਘ ਕੋਟਲੀ, ਸੂਬਾ ਕਮੇਟੀ ਮੈਂਬਰਾਨ ਰੇਸ਼ਮ ਸਿੰਘ ਖੇਮੂਆਣਾ, ਕਰਮਜੀਤ ਤਾਮਕੋਟ, ਜਗਵੀਰਨ ਕੌਰ, ਹਰਭਗਵਾਨ ਗੁਰਨੇ, ਅਮਨਦੀਪ ਮਟਵਾਣੀ, 5178 ਅਧਿਆਪਕ ਯੂਨੀਅਨ ਵੱਲੋਂ ਦੀਪ ਰਾਜਾ, ਅਸ਼ਵਨੀ ਕੁਮਾਰ ਬਠਿੰਡਾ ਅਤੇ 6060 ਅਧਿਆਪਕ ਯੂਨੀਅਨ ਵੱਲੋਂ ਵਿਕਾਸ ਗਰਗ ਰਾਮਪੁਰਾ ਸਮੇਤ ਸੈਂਕੜੇ ਆਗੂਆਂ ਤੇ ਵਰਕਰਾਂ ਨੇ ਹਿੱਸਾ ਲਿਆ।
ਅਧਿਆਪਕਾਂ ਦੇ ਮਸਲਿਆਂ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ ਨੇ ਜਥੇਬੰਦੀ ਦੇ ਵਿਧਾਨ ਦੀਆਂ ਸੋਧਾਂ ’ਤੇ ਵਿਚਾਰ-ਚਰਚਾ ਕੀਤੀ। ਕਮੇਟੀ ਵੱਲੋਂ ਤਿਆਰ ਵਿਧਾਨ ਦੇ ਖਰੜੇ ’ਤੇ ਅਧਿਆਪਕ ਆਗੂਆਂ ਨੇ ਉਸਾਰੂ ਬਹਿਸ ਕੀਤੀ ਅਤੇ ਬਹੁ-ਸੰਮਤੀ ਨਾਲ ਵਿਧਾਨ ਦੀਆਂ ਸੋਧਾਂ ਪਾਸ ਕੀਤੀਆਂ ਗਈਆਂ। ਉਨ੍ਹਾਂ ਆਖਿਆ ਕਿ ਅਧਿਆਪਕ ਲਹਿਰ ਉਸਾਰਨ ਲਈ ਬਲਾਕ ਕਮੇਟੀਆਂ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਅਧਿਆਪਕਾਂ ਦੇ ਮਸਲਿਆਂ ਲਈ ਸੰਘਰਸ਼ ਜਾਰੀ ਰਹੇਗਾ।