ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਸਤੰਬਰ
ਏਸ਼ੀਆ ਦੀ ਸਭ ਤੋਂ ਵੱਡੀ ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨਿਊਫੈਕਚਰਿੰਗ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਡੀਐੱਸ ਚਾਵਲਾ ਇੱਕ ਵਾਰ ਫਿਰ ਪ੍ਰਧਾਨ ਬਣ ਗਏ ਹਨ। ਚਾਵਲਾ ਨੇ 46 ਵੋਟਾਂ ਦੇ ਨਾਲ ਅਵਤਾਰ ਸਿੰਘ ਭੋਗਲ ਨੂੰ ਹਰਾਇਆ। ਡੀਐੱਸ ਚਾਵਲਾ ਨੂੰ 696 ਵੋਟਾਂ ਤੇ ਭੋਗਲ ਨੂੰ 652 ਵੋਟਾਂ ਪਈਆਂ। ਅੱਜ ਰਾਤ ਨੂੰ ਵੋਟਾਂ ਦਾ ਨਤੀਜਾ ਐਲਾਨੇ ਜਾਣ ਮਗਰੋਂ ਚਾਵਲਾ ਗੁੱਟ ਦੇ ਸਮਰਥਕਾਂ ਨੇ ਖੁਸ਼ੀ ਮਨਾਈ। ਅੱਜ ਸਵੇਰੇ ਵੋਟਿੰਗ ਸ਼ੁਰੂ ਹੋਈ ਤੇ ਵਰ੍ਹਦੇ ਮੀਂਹ ’ਚ ਵਪਾਰੀਆਂ ਨੇ ਵੋਟਾਂ ਪਾਈਆਂ। ਇਸ ਵਾਰ ਚੋਣਾਂ ਤੋਂ ਪਹਿਲਾਂ ਦੋ ਧੜੇ ਬਣ ਚੁੱਕੇ ਹਨ। ਇੱਕ ਧੜੇ ਦੀ ਅਗਵਾਈ ਮੌਜੂਦਾ ਪ੍ਰਧਾਨ ਡੀਐੱਸ ਚਾਵਲਾ ਕਰ ਰਹੇ ਸਨ ਤੇ ਦੂਸਰੇ ਧੜੇ ’ਚ ਪ੍ਰਧਾਨ ਅਹੁਦੇ ਲਈ ਅਵਤਾਰ ਸਿੰਘ ਭੋਗਲ ਮੈਦਾਨ ’ਚ ਸਨ। ਜ਼ਿਕਰਯੋਗ ਹੈ ਕਿ ਚੋਣਾਂ ਤੋਂ ਠੀਕ ਪਹਿਲਾਂ 18 ਅਗਸਤ ਨੂੰ ਏਜੀਐੱਮ ਦੌਰਾਨ ਵਿਵਾਦ ਹੋ ਗਿਆ ਸੀ, ਜਿਸ ਦੌਰਾਨ ਮੌਜੂਦਾ ਪ੍ਰਧਾਨ ਡੀਐੱਸ ਚਾਵਲਾ ਨਾਲ ਕੁੱਟਮਾਰ ਹੋਈ ਸੀ ਤੇ ਉਨ੍ਹਾਂ ਦੀ ਪੱਗ ਉਤਾਰ ਦਿੱਤੀ ਗਈ ਸੀ। ਇਸ ਵਾਰ 16 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕੁੱਲ 1168 ਵੋਟਰਾਂ ਨੇ ਕੀਤਾ ਹੈ।