ਪਾਲ ਸਿੰਘ ਨੌਲੀ
ਜਲੰਧਰ, 10 ਅਪਰੈਲ
ਮੀਡੀਆ ਮੰਚ ਪੰਜਾਬ ਅਤੇ ਲੋਕ ਮੰਚ ਪੰਜਾਬ ਵੱਲੋਂ ਅੱਜ ਸਾਂਝੇ ਤੌਰ ’ਤੇ ‘ਨਵੀਂ ਬਣੀ ਸਰਕਾਰ ਦੀਆਂ ਤਰਜੀਹਾਂ ਕੀ ਹੋਣ’ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ। ਇੱਥੋਂ ਦੇ ਪੰਜਾਬ ਪ੍ਰੈੱਸ ਕਲੱਬ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਦੌਰਾਨ ਆਰਥਿਕ ਮਾਮਲਿਆਂ ਦੇ ਮਾਹਿਰ ਡਾ. ਰਣਜੀਤ ਸਿੰਘ ਘੁੰਮਣ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚੋਰ ਮੋਰੀਆਂ ਹੀ ਰੋਕ ਲਵੇ ਤਾਂ ਖ਼ਜ਼ਾਨੇ ਵਿੱਚ 38,500 ਕਰੋੜ ਦੀ ਵਾਧੂ ਰਕਮ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿਰ ਹੋਰ ਕਰਜ਼ਾ ਨਾ ਚੜ੍ਹਾਉਣਾ ਅਤੇ ਰੁਜ਼ਗਾਰ ਲਈ ਨਵੇਂ ਮੌਕੇ ਪੈਦਾ ਕਰਨਾ ਸੂਬਾ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ।
ਡਾ. ਘੁੰਮਣ ਨੇ ਕਿਹਾ ਕਿ ਵੋਟਾਂ ਲੈਣ ਖਾਤਰ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਕਿਸੇ ਵੀ ਪਾਰਟੀ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਇਹ ਵਾਅਦੇ ਪੂਰੇ ਕਰਨ ਲਈ ਅਮਦਨ ਦੇ ਸਾਧਨ ਕਿੱਥੋਂ ਆਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਗਿਣਤੀ ਨੌਜਵਾਨ ਬੇਰੁਜ਼ਗਾਰ ਹਨ। ਜਦੋਂ ਤੱਕ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਹੁੰਦੇ, ਉਦੋਂ ਤੱਕ ਸੂਬੇ ’ਚੋਂ ਨਾ ਤਾਂ ਪਰਵਾਸ ਰੁਕੇਗਾ ਤੇ ਨਾ ਹੀ ਨਸ਼ਿਆਂ ਦਾ ਖਾਤਮਾ ਹੋਵੇਗਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਕੰਮ ਹਨ, ਜਿਨ੍ਹਾਂ ’ਤੇ ਜੇਕਰ ਸਰਕਾਰ ਧਿਆਨ ਦੇਵੇ ਤਾਂ 38,500 ਕਰੋੜ ਰੁਪਏ ਸਾਲਾਨਾ ਸਰਕਾਰੀ ਖ਼ਜ਼ਾਨੇ ਵਿੱਚ ਵਾਧੂ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ 1500 ਕਰੋੜ ਦੀ ਬਿਜਲੀ ਚੋਰੀ ਹੁੰਦੀ ਹੈ। ਇਸੇ ਤਰ੍ਹਾਂ ਜੀਐੱਸਟੀ ਵਿੱਚ ਲਗਪਗ 9000 ਕਰੋੜ ਰੁਪਏ ਦੀ ਹੇਰਾਫੇਰੀ ਹੁੰਦੀ ਹੈ। ਸਮਾਜ ਭਲਾਈ ਦੀਆਂ ਸਕੀਮਾਂ ਵਿੱਚ ਹਰ ਸਾਲ ਕਰੀਬ 1000 ਕਰੋੜ ਦੀ ਹੇਰਾਫੇਰੀ ਹੋ ਰਹੀ ਹੈ। ਇਸੇ ਤਰ੍ਹਾਂ ਟਰਾਂਸਪੋਰਟ ਖੇਤਰ ਵਿੱਚ 2500 ਕਰੋੜ ਰੁਪਏ ਦੀ ਠੱਗੀ ਹੋ ਰਹੀ ਹੈ। ਇਹ ਸਾਰੀ ਰਕਮ 38,500 ਕਰੋੜ ਰੁਪਏ ਬਣ ਜਾਂਦੀ ਹੈ। ਇਸ ਰਕਮ ਨਾਲ ਪੰਜਾਬ ਸਰਕਾਰ ਆਪਣੇ ਸਕੂਲ ਤੇ ਸਿਹਤ ਸਹੂਲਤਾਂ ਦਰੁਸਤ ਕਰ ਸਕਦੀ ਹੈ। ਇਸ ਸੈਮੀਨਾਰ ਵਿੱਚ ਦੇਸ਼ ਪੰਜਾਬ ਦੇ ਸਾਬਕਾ ਸੰਪਾਦਕ ਗੁਰਬਚਨ ਸਿੰਘ, ਸੀਨੀਅਰ ਪੱਤਰਕਾਰ ਜੋਗਿੰਦਰ ਸਿੰਘ ਸੰਧੂ ਤੇ ਪੱਤਰਕਾਰੀ ਦੇ ਵਿਦਿਆਰਥੀ ਵੀ ਸ਼ਾਮਲ ਸਨ।
ਪੰਜਾਬ ਨੂੰ ਮੁੜ ਲੀਹਾਂ ’ਤੇ ਲਿਆਉਣ ਲਈ ਹਰ ਪੰਜਾਬੀ ਦਾ ਸਾਥ ਜ਼ਰੂਰੀ: ਡਾ. ਜੌਹਲ
ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ ਨੇ ਡਾ. ਰਣਜੀਤ ਸਿੰਘ ਘੁੰਮਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ’ਤੇ ਲਿਆਉਣ ਲਈ ਸਾਰੇ ਪੰਜਾਬੀਆਂ ਨੂੰ ਹੀ ਇਸ ਵਿੱਚ ਸਹਿਯੋਗ ਦੇਣਾ ਪੈਣਾ ਹੈ। ਮੀਡੀਆ ਮੰਚ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਤੇ ਜਨਰਲ ਸਕੱਤਰ ਰਾਕੇਸ਼ ਸ਼ਾਂਤੀਦੂਤ ਨੇ ਕਿਹਾ ਕਿ ਲੋਕ ਵੀ ਨਵੀਂ ਬਣੀ ਸਰਕਾਰ ’ਤੇ ਪਹਿਰੇਦਾਰੀ ਕਰਨ।