ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਜੂਨ
ਜ਼ਿਲ੍ਹਾ ਦਿਹਾਤੀ ਪੁਲੀਸ ਨੇ ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦੇ ਮਾਮਲੇ ਵਿੱਚ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਦੇ ਪੋਤਰੇ ਚੇਤਨ ਪਰਮਾਰ ਨੂੰ ਨਾਮਜ਼ਦ ਕਰ ਲਿਆ ਹੈ। ਪੁਲੀਸ ਨੇ 28 ਮਈ ਨੂੰ ਇਸ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਵਿਖੇ ਛਾਪਾਮਾਰੀ ਕਰਕੇ ਇਕ ਫੈਕਟਰੀ ਵਿਚੋਂ ਵੱਡੀ ਗਿਣਤੀ ਵਿਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਚੇਤਨ ਪਰਮਾਰ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਯਸ਼ਵੰਤ ਪਰਮਾਰ ਦਾ ਪੋਤਰਾ ਹੈ ਅਤੇ ਉਸ ਦੇ ਪਿਤਾ ਕੁਸ਼ ਪਰਮਾਰ ਵੀ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ। ਇਹ ਵਿਅਕਤੀ 2017 ਵਿਚ ਭਾਜਪਾ ਵਿਚ ਸ਼ਾਮਲ ਹੋ ਗਿਆ ਸੀ। ਪੁਲੀਸ ਨੇ ਆਖਿਆ ਕਿ ਉਸ ਨੂੰ ਜਾਂਚ ਵਿੱਚ ਸ਼ਾਮਲ ਕਰਕੇ ਇਸ ਮਾਮਲੇ ਵਿਚ ਉਸ ਦੀ ਭੂਮਿਕਾ ਬਾਰੇ ਪਤਾ ਲਾਇਆ ਜਾਵੇਗਾ। ਜਾਂਚ ’ਚ ਸਾਹਮਣੇ ਆਇਆ ਹੈ ਕਿ ਉਸ ਨੇ ਇਸ ਕੰਪਨੀ ਨੂੰ ਲੱਖਾਂ ਰੁਪਏ ਦਿੱਤੇ ਹਨ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਧਰੁਵ ਦਾਹੀਆ ਨੇ ਦਸਿਆ ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ ਮੁਨੀਸ਼ ਮੋਹਨ ਕੋਲੋਂ ਕੀਤੀ ਜਾਂਚ ਵਿਚ ਇਸ ਸਿਆਸੀ ਆਗੂ ਦਾ ਨਾਂ ਸਾਹਮਣੇ ਆਇਆ ਹੈ ਅਤੇ ਉਸ ਦੇ ਦਰਜ ਕੀਤੇ ਬਿਆਨ ਵਿੱਚ ਇਸ ਵਿਅਕਤੀ ਦਾ ਨਾਂ ਸ਼ਾਮਲ ਹੈ। ਪੁਲੀਸ ਇਸ ਮਾਮਲੇ ਵਿਚ ਹੁਣ ਤਕ 10 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਸਿਆਸੀ ਆਗੂ ਦੀ ਗ੍ਰਿਫਤਾਰੀ ਵਾਸਤੇ ਵੀ ਯਤਨ ਜਾਰੀ ਹਨ। ਪੁਲੀਸ ਦਿਲੀ ਦੇ ਇੱਕ ਮੈਡੀਕਲ ਸਟੋਰ ਦੇ ਮਾਲਕ ਪ੍ਰੇਮ ਕੁਮਾਰ ਝਾਅ, ਸਟੋਰ ਦੇ ਕਰਮਚਾਰੀ ਬਬਲੂ, ਰਾਣੂ ਭਾਰਗਵ, ਰਾਜੇਸ਼ ਵਡੇਰਾ, ਪਰਮੋਦ ਬਿਸ਼ਟ ਸਮੇਤ ਅੰਮ੍ਰਿਤਸਰ ਦੇ ਇਕ ਕੈਮਿਸਟ ਅਮਰਪ੍ਰੀਤ ਸਿੰਘ ਸੰਨੀ ਨੂੰ ਗ੍ਰਿਫਤਾਰ ਕਰ ਚੁੱਕੀ ਹੈ।