ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 5 ਅਕਤੂਬਰ
ਇਥੋਂ ਦੀ ਕੇਂਦਰੀ ਜੇਲ੍ਹ ਵਿਚ ਕੈਦੀ ਦੇ ਗੁਪਤ ਅੰਗ (ਗੁਦਾ) ਵਿਚੋਂ ਨਸ਼ੀਲੇ ਪਦਾਰਥ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਦੋ ਦਿਨ ਪਹਿਲਾਂ ਦੀ ਹੈ। ਕੈਦੀ ਕੁਲਦੀਪ ਸਿੰਘ ਵਾਸੀ ਸਭਰਾ ਥਾਣਾ ਪੱਟੀ, ਬੈਰੂਨੀ ਪੰਜੇ ਤੋਂ ਵਾਪਸ ਜੇਲ੍ਹ ਦੀ ਡਿਓਢੀ ਵਿਚ ਪੁੱਜਾ ਤਾਂ ਮੁਲਾਜ਼ਮਾਂ ਨੇ ਮੈਟਲ ਡਿਟੈਕਟਰ ਨਾਲ ਉਸ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਉਸ ਦੀ ਗੁਦਾ ਵਿਚ ਕੋਈ ਚੀਜ਼ ਹੋਣ ਦਾ ਸੰਕੇਤ ਮਿਲਿਆ। ਮੁਲਾਜ਼ਮਾਂ ਨੇ ਮੁੜ ਤੋਂ ਤਲਾਸ਼ੀ ਲਈ ਤਾਂ ਉਸ ਦੀ ਗੁਦਾ ਵਿਚੋਂ ਮੋਮੀ ਲਿਫ਼ਾਫ਼ੇ ਵਿਚ ਲਪੇਟਿਆ ਪੈਕੇਟ ਨਿਕਲਿਆ ਜਿਸ ਵਿਚੋਂ 48 ਨਸ਼ੇ ਦੀਆਂ ਗੋਲੀਆਂ, 51 ਚੈਨੀ ਖੈਨੀ ਦੇ ਛੋਟੇ ਪਾਊਚ ਅਤੇ ਅੱਠ ਗ੍ਰਾਮ ਦੇ ਕਰੀਬ ਚਿੱਟਾ ਪਾਊਡਰ ਬਰਾਮਦ ਹੋਇਆ। ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਸਾਮਾਨ ਉਸ ਕੋਲੋਂ ਹਵਾਲਾਤੀ ਕਰਮ ਸਿੰਘ ਉਰਫ਼ ਨਿੰਮਾ ਵਾਸੀ ਪਿੰਡ ਬੰਡਾਲਾ ਨੇ ਮੰਗਵਾਇਆ ਹੈ।