ਹਮੀਰ ਸਿੰਘ
ਪੰਡੋਰੀ ਰਣ ਸਿੰਘ (ਤਰਨਤਾਰਨ), 7 ਜੁਲਾਈ
ਤਰਨ ਤਾਰਨ ਜ਼ਿਲ੍ਹੇ ਦੇ ਇਸ ਪਿੰਡ ਦਾ ਇੱਕ ਹੋਰ ਘਰ ਨਸ਼ੇ ਨੇ ਬਰਬਾਦ ਕਰ ਦਿੱਤਾ ਹੈ। ਨਸ਼ਾ ਕਰਨ ਵਾਲੇ ਨੌਜਵਾਨਾਂ ਦੇ ਗਰੁੱਪ ਵਿੱਚ ਪ੍ਰੇਮਵੀਰ ਅਤੇ ਧਰਮਿੰਦਰ ਦੋਵਾਂ ਦੀ ਪੱਕੀ ਦੋਸਤੀ ਸੀ। ਉਨ੍ਹਾਂ ਇੱਕੋ ਸਮੇਂ ਨਸ਼ਾ ਕਰਨਾ ਸ਼ੁਰੂ ਕੀਤਾ ਸੀ। ਇਨ੍ਹਾਂ ਵਿਚੋਂ ਧਰਮਿੰਦਰ ਢਾਈ ਸਾਲ ਪਹਿਲਾਂ ਅਤੇ ਪ੍ਰੇਮਵੀਰ ਪਿੱਛੋਂ ਨਸ਼ੇ ਦੀ ਓਵਰਡੋਜ਼ ਕਾਰਨ ਜਹਾਨੋਂ ਚਲਾ ਗਿਆ। ਪਰਿਵਾਰ ਕੋਲ ਕੋਈ ਜਾਇਦਾਦ ਨਾ ਹੋਣ ਕਰਕੇ ਮਿਹਨਤ ਮਜ਼ਦੂਰੀ ਨਾਲ ਚੱਲਣ ਵਾਲਾ ਕੰਮ ਠੱਪ ਹੋ ਗਿਆ ਕਿਉਂਕਿ ਬਾਪ ਨੂੰ ਗੁਰਦਿਆਂ ਦੀ ਬਿਮਾਰੀ ਨੇ ਘੇਰ ਲਿਆ ਅਤੇ ਮਾਤਾ ਦੇ ਤਿੰਨ ਅਪਰੇਸ਼ਨ ਹੋ ਚੁੱਕੇ ਹਨ।
ਪੰਡੋਰੀ ਰਣ ਸਿੰਘ ਦੇ ਬਚਨ ਸਿੰਘ ਦੀਆਂ ਦੋ ਲੜਕੀਆਂ ਅਤੇ ਦੋ ਲੜਕੇ ਸਨ। ਵੱਡੀ ਕੁੜੀ ਰਾਜਵੰਤ ਕੌਰ ਤੋਂ ਦੂਸਰੇ ਨੰਬਰ ਵਾਲਾ ਨਿਰਮਲ ਸਿੰਘ ਬਿਮਾਰੀ ਕਾਰਨ ਇੱਕ ਮਹੀਨਾ ਮੰਜੇ ’ਤੇ ਪੈ ਕੇ ਚੱਲ ਵੱਸਿਆ। ਨਿਰਮਲ ਤੋਂ ਛੋਟਾ ਧਰਮਿੰਦਰ ਸਿੰਘ ਸੀ। ਰਾਜਵੰਤ ਕੌਰ ਨੇ ਦੱਸਿਆ ਕਿ ਮੁੰਡਿਆਂ ਦੇ ਇਸ ਗਰੁੱਪ ਨੂੰ ਇਕੱਠਿਆਂ ਹੀ ਨਸ਼ੇ ਦੀ ਲੱਤ ਲੱਗ ਗਈ। ਧਰਮਿੰਦਰ ਦਾ ਵਿਆਹ ਵੀ ਹੋ ਗਿਆ ਸੀ। ਜਦ ਉਸ ਦੀ ਵਹੁਟੀ ਨੂੰ ਪਤਾ ਲੱਗਾ ਤਾਂ ਘਰ ਵਿੱਚ ਕਲੇਸ਼ ਰਹਿਣ ਲੱਗ ਗਿਆ। ਉਸ ਨੇ ਨਸ਼ੇ ਦੀ ਤੋੜ ’ਚ ਘਰ ਦਾ ਸਾਮਾਨ ਜਬਰੀ ਵੇਚਣਾ ਸ਼ੁਰੂ ਕਰ ਦਿੱਤਾ। ਘਰ ਦੇ ਭਾਂਡੇ ਵੇਚ ਦਿੱਤੇ, ਕੋਈ ਛੋਟਾ ਮੋਟਾ ਜੋ ਵੀ ਸਾਮਾਨ ਵਿਕ ਸਕਦਾ ਸੀ ਸਭ ਵੇਚ ਦਿੱਤਾ।
ਉਸ ਨੂੰ ਤਰਨ ਤਾਰਨ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾਇਆ ਪਰ ਊਹ ਉਥੋਂ ਵੀ ਵਾਪਸ ਆ ਗਿਆ। ਘਰ ਇਲਾਜ ਕਰਵਾਉਣ ਜੋਗੇ ਪੈਸੇ ਵੀ ਨਹੀਂ ਸਨ। ਰਾਜਵੰਤ ਨੇ ਅੰਦਰ ਪਏ ਆਪਣੇ ਪਿਤਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦੇ ਸਨ ਪਰ ਕੁੱਝ ਸਮੇਂ ਤੋਂ ਗੁਰਦਿਆਂ ਦੀ ਸਮੱਸਿਆ ਆ ਗਈ ਹੈ ਜਿਸ ਕਰ ਕੇ ਹੁਣ ਕੋਈ ਕੰਮ ਨਹੀਂ ਕਰ ਸਕਦੇ। ਉਨ੍ਹਾਂ ਕੋਲ ਦਵਾਈ ਦਿਵਾਉਣ ਦੀ ਵੀ ਸਮਰੱਥਾ ਨਹੀਂ ਹੈ। ਮਾਤਾ ਦੇ ਹੁਣ ਤੱਕ ਤਿੰਨ ਅਪਰੇਸ਼ਨ ਹੋ ਚੁੱਕੇ ਹਨ। ਬਜ਼ੁਰਗਾਂ ਦੀ ਸੰਭਾਲ ਲਈ ਕੋਈ ਨਹੀਂ ਰਿਹਾ। ਤਿੰਨ ਜੁਲਾਈ 2017 ਵਾਲੇ ਦਿਨ ਸੁਨੇਹਾ ਮਿਲਿਆ ਕਿ ਧਰਮਿੰਦਰ ਨਸ਼ੇ ਦੀ ਓਵਰਡੋਜ਼ ਲੈ ਗਿਆ। ਉਸ ਦੇ ਜਾਣ ਨਾਲ ਸੰਕਟ ਹੋਰ ਵੱਧ ਗਿਆ। ਉਹ ਸ਼ਾਦੀਸ਼ੁਦਾ ਸੀ ਅਤੇ ਦੋ ਬੱਚਿਆਂ ਦਾ ਬਾਪ ਸੀ। ਉਸ ਦੀ ਪਤਨੀ ਮਹੀਨਾ ਕੁ ਰਹੀ ਅਤੇ ਫਿਰ ਆਪਣੇ ਦੋਵੇਂ ਬੱਚੇ ਲੈ ਕੇ ਪੇਕੇ ਘਰ ਚਲੀ ਗਈ। ਪਿਤਾ ਬਚਨ ਸਿੰਘ ਸਾਰੀਆਂ ਗੱਲਾਂ ਸੁਣ ਤਾਂ ਲੈਂਦੇ ਹਨ ਪਰ ਕਿਸੇ ਗੱਲ ਦਾ ਜਵਾਬ ਦੇਣ ਦੀ ਹਾਲਤ ਵਿੱਚ ਨਹੀਂ ਹਨ।
ਮਾਪਿਆਂ ਦੀ ਦੇਖ ਭਾਲ ਲਈ ਮਜਬੂਰੀ ਵੱਸ ਉਹ ਖੁਦ ਆਪਣੇ ਪੇਕੇ ਘਰ ਆ ਕੇ ਰਹਿਣ ਲਈ ਮਜਬੂਰ ਹੈ। ਰਾਜਵੰਤ ਦੇ ਦੋ ਲੜਕੀਆਂ ਹਨ। ਛੋਟੀ ਭੈਣ ਨਵਨੀਤ ਕੌਰ ਦਾ ਪਤੀ ਧਰਮਿੰਦਰ ਸਿੰਘ ਤੋਂ ਛੇ ਕੁ ਮਹੀਨੇ ਬਾਅਦ ਚੱਲ ਵੱਸਿਆ। ਉਸ ਦੇ ਕੋਈ ਬੱਚਾ ਨਹੀਂ ਹੈ ਅਤੇ ਉਹ ਵੀ ਪੇਕੇ ਆ ਕੇ ਰਹਿਣ ਲੱਗ ਪਈ ਹੈ। ਪਹਿਲਾਂ ਤਾਂ ਧਰਮਿੰਦਰ ਦੀ ਪਤਨੀ ਅਤੇ ਬੱਚਿਆਂ ਦੇ ਨਾਂ ’ਤੇ ਸਰਕਾਰ ਵੱਲੋਂ ਦਿੱਤੀ ਕਣਕ ਮਿਲਦੀ ਸੀ ਪਰ ਹੁਣ ਉਹ ਵੀ ਬੰਦ ਹੋ ਗਈ ਹੈ। ਉਨ੍ਹਾਂ ਨੂੰ ਇਸ ਲਈ ਕਣਕ ਨਹੀਂ ਦਿੱਤੀ ਜਾਂਦੀ ਕਿਉਂਕਿ ਕਿਹਾ ਜਾਂਦਾ ਹੈ ਕਿ ਉਹ ਸਹੁਰੇ ਪਰਿਵਾਰ ਵਿੱਚ ਜਾ ਕੇ ਨੀਲਾ ਕਾਰਡ ਬਣਾਉਣ ਤਾਂ ਜਾ ਕੇ ਆਟਾ-ਦਾਲ ਸਕੀਮ ਦਾ ਹੱਕ ਮਿਲਣਾ ਹੈ।
ਰਾਜਵੰਤ ਦੱਸਦੀ ਹੈ ਕਿ ਉਹ ਦੋਵੇਂ ਭੈਣਾਂ ਦਿਹਾੜੀ ਕਰਨ ਜਾਂਦੀਆਂ ਹਨ। ਜੋ ਵੀ ਕਮਾਈ ਹੁੰਦੀ ਹੈ, ਉਸ ਨਾਲ ਮਾਪਿਆਂ ਦੀ ਦੇਖ ਭਾਲ ਕਰਦੀਆਂ ਅਤੇ ਘਰ ਦਾ ਗੁਜ਼ਾਰਾ ਚਲਾਉਂਦੀਆਂ ਹਨ। ਰਾਜਵੰਤ ਨੇ ਕਿਹਾ ਕਿ ਨਸ਼ਾ ਮਿਲਣਾ ਹਟ ਨਹੀਂ ਸਕਦਾ ਕਿਉਂਕਿ ਸਰਕਾਰ ਖੁਦ ਵਿਕਾਉਂਦੀ ਹੈ। ਉਸ ਨੇ ਦੱਸਿਆ ਕਿ ਗਰੀਬ ਪਰਿਵਾਰਾਂ ਦੀ ਸੁਣਵਾਈ ਵੀ ਕੋਈ ਨਹੀਂ ਹੈ। ਇਸ ਲਈ ਕਿੱਥੇ ਜਾ ਕੇ ਫਰਿਆਦ ਕੀਤੀ ਜਾਵੇ। ਇਹੀ ਫਰਿਆਦ ਹੈ ਕਿ ਪਿੱਛੇ ਰਹਿ ਗਏ ਪਰਿਵਾਰਾਂ ਦੀ ਤਾਂ ਕੋਈ ਬਾਂਹ ਫੜੇ। ਉਨ੍ਹਾਂ ਦੀ ਰੋਜ਼ੀ ਰੋਟੀ ਦੇ ਗੁਜ਼ਾਰੇ ਦਾ ਪ੍ਰਬੰਧ ਤਾਂ ਸਰਕਾਰ ਨੂੰ ਕਰਨਾ ਚਾਹੀਦਾ ਹੈ।