ਦਰਸ਼ਨ ਸਿੰਘ ਸੋਢੀ
ਮੁਹਾਲੀ, 12 ਜਨਵਰੀ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਨਸ਼ਾ ਤਸਕਰੀ ਮਾਮਲੇ ਵਿੱਚ ਸਿਟ ਅੱਗੇ ਪੇਸ਼ ਹੋਏ। ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਮਿਲਣ ਬਾਅਦ ਮਜੀਠੀਆ ਅੱਜ ਆਪਣੇ ਵਕੀਲਾਂ ਨਾਲ ਪੰਜਾਬ ਪੁਲੀਸ ਦੇ ਸਟੇਟ ਕ੍ਰਾਇਮ ਬਿਊਰੋ ਥਾਣੇ ਵਿੱਚ ਪਹੁੰਚੇ। ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਢਾਈ ਘੰਟਿਆਂ ਦੀ ਪੁੱਛ ਪੜਤਾਲ ਬਾਅਦ ਥਾਣੇ ਦੇ ਬਾਹਰ ਪੱਤਰਕਾਰਾਂ ਕੋਲ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਸਿਟ ਨੂੰ ਜਾਂਚ ਵਿਚ ਪੂਰਾ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਸਰਕਾਰ ਨੇ ਉਸ ਵਿਰੁੱਧ ਝੂਠਾ ਕੇਸ ਦਰਜ ਕੀਤਾ ਹੈ। ਸਿਟ ਨੇ ਕੇਸ ਮੁਤੱਲਕ ਜੋ ਕੁੱਝ ਪੁੱਛਿਆ ਗਿਆ, ਉਸ ਦਾ ਸਹੀ ਜਵਾਬ ਦਿੱਤਾ ਗਿਆ ਹੈ। ਦੁਬਾਰਾ ਸਿੱਟ ਅੱਗੇ ਪੇਸ਼ ਹੋਣ ਸਬੰਧੀ ਮਜੀਠੀਆ ਨੇ ਕਿਹਾ ਪੁਲੀਸ ਜਦੋਂ ਬੁਲਾਏਗੀ, ਉਹ ਹਾਜ਼ਰ ਹੋ ਜਾਣਗੇ। ਮਜੀਠੀਆ ਖ਼ਿਲਾਫ਼ ਪਿਛਲੇ ਦਿਨੀਂ ਇਥੋਂ ਦੇ ਫੇਜ-4 ਸਥਿਤ ਪੰਜਾਬ ਪੁਲੀਸ ਦੇ ਸਟੇਟ ਕ੍ਰਾਇਮ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ।