ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 28 ਸਤੰਬਰ
ਨਸ਼ੇ ਦੀ ਓਵਰਡੋਜ਼ ਕਾਰਨ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਅੱਧੀ ਦਰਜਨ ਪਿੰਡਾਂ ਦੇ ਵੱਡੀ ਗਿਣਤੀ ਲੋਕਾਂ ਨੇ ਦੇਸੂਜੋਧਾ ਵਿੱਚ ਸ਼ਰ੍ਹੇਆਮ ਵਿਕਦੇ ਨਸ਼ੇ ਖ਼ਿਲਾਫ਼ ਅੱਜ ਪੁਲੀਸ ਚੌਕੀ ਦਾ ਘਿਰਾਓ ਕੀਤਾ। ਇਸ ਮੌਕੇ ਲੋਕਾਂ ਨੇ ਦੇਸੂਜੋਧਾ ਚੌਕੀ ਨੂੰ ਨਸ਼ਾ ਤਸਕਰੀ, ਤਾਸ਼ਬਾਜ਼ੀ ਅਤੇ ਅੱਯਾਸ਼ੀ ਦਾ ਅੱਡਾ ਦੱਸਦਿਆਂ ਇਸ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਲੋਕਾਂ ਨੇ ਮੌਕੇ ’ਤੇ ਇੱਕ ਕਥਿਤ ਸ਼ਰਾਬੀ ਪੁਲੀਸ ਮੁਲਾਜ਼ਮ ਦੀ ਵੀ ਸ਼ਨਾਖ਼ਤ ਕੀਤੀ। ਉਸ ਦਾ ਪੁਲੀਸ ਵਰਦੀ ਵਿੱਚ ਹੀ ਡਾਕਟਰੀ ਮੁਆਇਨਾ ਕਰਵਾਉਣ ਲਈ ਮਾਮਲਾ ਭਖਿਆ ਰਿਹਾ। ਪੁਲੀਸ ਵੱਲੋਂ ਆਨਾਕਾਨੀ ਕਰਨ ’ਤੇ ਲੋਕਾਂ ਨੇ ਚੌਕੀ ਅੱਗੇ ਡੱਬਵਾਲੀ-ਕਾਲਾਂਵਾਲੀ ਸੜਕ ’ਤੇ ਧਰਨਾ ਲਾ ਕੇ ਆਵਾਜਾਈ ਰੋਕ ਦਿੱਤੀ। ਇੱਥੇ ਦੇਸੂਜੋਧਾ, ਜੋਗੇਵਾਲਾ, ਮਾਂਗੇਆਣਾ, ਚੱਠਾ, ਫੁੱਲੋ, ਸੁਖਲੱਦੀ ਅਤੇ ਸੇਖੂ ਤੋਂ ਲੋਕ ਪੁੱਜੇ ਹੋਏ ਸਨ।
ਕਿਸਾਨ ਆਗੂ ਗੁਰਪ੍ਰੇਮ ਸਿੰਘ ਦੇਸੂਜੋਧਾ ਨੇ ਦੋਸ਼ ਲਾਇਆ ਕਿ ਚੌਕੀ ਦੇ ਮੁਲਾਜ਼ਮਾਂ ਦੇ ਨਸ਼ਾ ਤਸਕਰਾਂ ਨਾਲ ਸਬੰਧ ਹਨ। ਪਿੰਡ ਸੁਖਲੱਦੀ ਦੇ ਸਰਪੰਚ ਤਰਸੇਮ ਸਿੰਘ ਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਉਸ ਦੇ ਚਚੇਰੇ ਭਰਾ ਜੋਗਿੰਦਰ ਸਿੰਘ ਦੀ ਮੌਤ ਦਾ ਕਾਰਨ ਨਹਿਰ ਵਿੱਚ ਡਿੱਗਣਾ ਦੱਸ ਰਹੀ ਹੈ ਜਦੋਂਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਰਕੇ ਹੋਈ ਹੈ।
ਡੀਐੱਸਪੀ ਨੇ ਚੌਕੀ ਦਾ ਸਟਾਫ਼ ਬਦਲਣ ਦਾ ਦਿੱਤਾ ਭਰੋਸਾ
ਥਾਣਾ ਸਿਟੀ ਦੇ ਮੁਖੀ ਜਤਿੰਦਰ ਨੇ ਲੋਕਾਂ ਨੂੰ ਨਸ਼ਿਆਂ ’ਤੇ ਛੇਤੀ ਨੱਥ ਪਾਉਣ ਦਾ ਭਰੋਸਾ ਦੇਣ ਦੀ ਕੋਸ਼ਿਸ਼ ਕੀਤੀ ਪਰ ਲੋਕ ਸਹਿਮਤ ਨਹੀਂ ਹੋਏ। ਬਾਅਦ ਵਿੱਚ ਡੀਐੱਸਪੀ ਕੁਲਦੀਪ ਸਿੰਘ ਨੇ ਲੋਕਾਂ ਨੂੰ ਦੇਸੂਜੋਧਾ ਚੌਕੀ ਦਾ ਸਟਾਫ਼ ਬਦਲਣ ਤੇ ਨਸ਼ਾ ਤਸਕਰਾਂ ’ਤੇ ਕਾਰਵਾਈ ਦਾ ਭਰੋਸਾ ਦਿਵਾਇਆ।