ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਨਵੰਬਰ
ਮੋਗਾ ਪੁਲੀਸ ਨੂੰ ਹਾਲ ਹੀ ਵਿੱਚ ਜੇਲ੍ਹ ’ਚ ਬੈਠੇ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦਰਮਿਆਨ ਸੰਪਰਕ ਮਿਲੇ ਹਨ, ਜੋ ਸਿਰਫ ਮੋਬਾਈਲ ਜ਼ਰੀਏ ਹੀ ਸੰਭਵ ਹਨ। ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਅਜਿਹਾ ਕੋਈ ਵੀ ਗੈਂਗਸਟਰ ਜਾਂ ਵੱਡਾ ਤਸਕਰ ਨਹੀਂ, ਜਿਸ ਕੋਲ ਮੋਬਾਈਲ ਨਾ ਹੋਵੇ। ਇੱਥੇ ਸਿਟੀ ਦੱਖਣੀ ਪੁਲੀਸ ਨੇ ਸੰਗਰੂਰ ਜੇਲ੍ਹ ਵਿੱਚ ਬੰਦ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਅਤੇ ਉਸ ਦੇ ਸੰਪਰਕ ਇਨਪੁੱਟ ਨੀਰਜ ਸ਼ਰਮਾ ਉਰਫ ਵਿੱਕੀ ਬਾਹਮਣ ਅਤੇ ਰਾਜੇਸ਼ ਕੁਮਾਰ ਮੰਗਲਾ ਦੋਵੇਂ ਵਾਸੀ ਮੋਗਾ ਖ਼ਿਲਾਫ਼ ਆਈਪੀਸੀ ਦੀ ਧਾਰਾ 384/506/120ਬੀ ਤਹਿਤ ਕੇਸ ਦਰਜ ਕਰਕੇ ਨੀਰਜ ਤੇ ਰਾਜੇਸ਼ ਨੂੰ ਗ੍ਰਿਫ਼ਤਾਰ ਕੀਤਾ ਹੈ।
ਡੀਐੱਸਪੀ ਸਿਟੀ ਜਸ਼ਨਪ੍ਰੀਤ ਸਿੰਘ ਗਿੱਲ ਤੇ ਥਾਣਾ ਸਿਟੀ ਦੱਖਣੀ ਮੁਖੀ ਲਛਮਣ ਸਿੰਘ ਢਿੱਲੋਂ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੇ ਮੋਬਾਈਲ ਫੋਨ ਕਬਜ਼ੇ ਵਿੱਚ ਲਏ ਗਏ ਹਨ ਅਤੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਪੁਰਾਣੀ ਅਨਾਜ ਮੰਡੀ ਵਿੱਚ ਧੰਦਾ ਕਰ ਰਹੇ ਸਨ ਅਤੇ ਸਾਹਿਲ ਕੁਮਾਰ ਜਿੰਦਲ ਵਿਰੋਧ ਕਰਦਾ ਸੀ। ਸਾਹਿਲ ਜਿੰਦਲ ਨੇ ਪੁਲੀਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਉਸ ਦੇ ਵੱਟਸਐਪ ਨੰਬਰ ’ਤੇ ਗੈਂਗਸਟਰ ਸੁਖਪ੍ਰੀਤ ਉਰਫ ਬੁੱਢਾ ਨੇ ਆਪਣੇ ਵਿਦੇਸ਼ੀ ਵੱਟਸਐਪ ਨੰਬਰ ਤੋਂ ਕਾਲ ਕਰਕੇ ਕਿਹਾ ਕਿ ਪੁਰਾਣੀ ਦਾਣਾ ਮੰਡੀ ਵਿੱਚ ਉਸ ਦਾ ਦੜਾ-ਸੱਟਾ ਚੱਲ ਰਿਹਾ ਹੈ, ਜਿਸ ਨੂੰ ਨੀਰਜ ਸ਼ਰਮਾ ਅਤੇ ਰਾਜੇਸ਼ ਕੁਮਾਰ ਚਲਾ ਰਹੇ ਹਨ। ਗੈਂਗਸਟਰ ਬੁੱਢਾ ਨੇ ਧਮਕੀ ਦਿੱਤੀ ਕਿ ਉਨ੍ਹਾਂ ਨੂੰ ਦੜਾ-ਸੱਟਾ ਚਲਾਉਣ ਤੋਂ ਰੋਕਣ ’ਤੇ ਸਾਹਿਲ ਦੇ ਪਰਿਵਾਰ ਨੂੰ ਮਾੜੇ ਨਤੀਜੇ ਭੁਗਤਣੇ ਪੈਣਗੇ। ਗੈਂਗਸਟਰ ਨੇ ਸ਼ਿਕਾਇਤਕਰਤਾ ਤੋਂ ਪੈਸਿਆਂ ਦੀ ਮੰਗ ਵੀ ਕੀਤੀ ਅਤੇ ਨਾ ਦੇਣ ਦੀ ਸੂਰਤ ਵਿੱਚ ਧਮਕੀਆਂ ਦਿੱਤੀਆਂ।