ਮਿਹਰ ਸਿੰਘ
ਕੁਰਾਲੀ, 22 ਮਈ
ਇਥੇ ਨਸ਼ਾ ਤਸਕਰਾਂ ਨੇ ਸਥਾਨਕ ਪੁਲੀਸ ਪਾਰਟੀ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਸ਼ੀਲਾ ਪਦਾਰਥ ਕਾਬੂ ਕਰਦਿਆਂ ਪਰਚਾ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਐੱਸਐੱਚਓ ਭਗਤਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਕਾਰ ਵਿੱਚ ਸਵਾਰ ਹੋ ਕੇ ਸਿੰਬਲ ਵਿਚ ਨਸ਼ਾ ਸਪਲਾਈ ਕਰ ਰਹੇ ਹਨ। ਇਸੇ ਦੌਰਾਨ ਪੁਲੀਸ ਨੇ ਹਰਕਤ ਵਿੱਚ ਆਉਂਦਿਆਂ ਦੋ ਪੁਲੀਸ ਪਾਰਟੀਆਂ ਬਣਾ ਕੇ ਪਿੰਡ ਦੀ ਫਿਰਨੀ ਨੂੰ ਦੋਵੇਂ ਪਾਸਿਉਂ ਘੇਰ ਲਿਆ।
ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਨੇ ਸ਼ੱਕੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਸ਼ੱਕੀ ਵਿਅਕਤੀਆਂ ਨੇ ਕਾਰ ਬੈਕ ਗੇਅਰ ਵਿਚ ਪਾ ਕੇ ਭਜਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਦੂਜੇ ਪਾਸੇ ਤੋਂ ਆਈ ਪੁਲੀਸ ਦੀ ਗੱਡੀ ਨੇ ਕਾਰ ਨੂੰ ਘੇਰ ਲਿਆ। ਜਦੋਂ ਪੁਲੀਸ ਮੁਲਾਜ਼ਮਾਂ ਨੇ ਕਾਰ ਵਿਚੋਂ ਉਤਰ ਕੇ ਸ਼ੱਕੀ ਕਾਰ ਸਵਾਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਾਰ ਭਜਾ ਕੇ ਪੁਲੀਸ ਪਾਰਟੀ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਏਐੱਸਆਈ ਜਸਪਾਲ ਸਿੰਘ ਜ਼ਖ਼ਮੀ ਹੋ ਗਿਆ। ਇਸ ਟੱਕਰ ਵਿਚ ਜ਼ਖ਼ਮੀ ਹੋਏ ਏਐੱਸਆਈ ਜਸਪਾਲ ਸਿੰਘ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸੇ ਦੌਰਾਨ ਪੁਲੀਸ ਪਾਰਟੀ ਨੇ ਕਾਰ ਵਿੱਚ ਸਵਾਰ ਦੋਵੇਂ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਕੇ ਜਦੋਂ ਤਲਾਸ਼ੀ ਲਈ ਤਾਂ ਕਾਰ ਦੇ ਡੈਸ਼ ਬੋਰਡ ਵਿੱਚੋਂ 200 ਗ੍ਰਾਮ ਨਸ਼ੀਲਾ ਪਾਊਡਰ, ਸਿਲਵਰ ਪੇਪਰ ਅਤੇ ਕੰਪਿਊਟਰਾਈਜ਼ਡ ਕੰਡਾ ਬਰਾਮਦ ਹੋਇਆ। ਮੁਲਜ਼ਮਾਂ ਦੀ ਪਛਾਣ ਹਰਦੀਪ ਸਿੰਘ ਅਤੇ ਦਵਿੰਦਰ ਸਿੰਘ ਨਿਵਾਸੀ ਚਿੰਤਗੜ੍ਹ ਵਜੋਂ ਹੋਈ।
ਪੁਲੀਸ ਨੇ ਕਾਰ ਸਵਾਰਾਂ ਹਰਦੀਪ ਸਿੰਘ ਤੇ ਦਵਿੰਦਰ ਸਿੰਘ ਖ਼ਿਲਾਫ਼ ਇਰਾਦਾ ਕਤਲ ਅਤੇ ਐਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸਐੱਚਓ ਭਗਤਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।