ਪੱਤਰ ਪ੍ਰੇਰਕ
ਤਰਨ ਤਾਰਨ, 24 ਅਪਰੈਲ
ਖਾਲੜਾ ਪੁਲੀਸ ਦੀ ਟੀਮ ਨੇ ਇਲਾਕੇ ਦੇ ਪਿੰਡ ਡੱਲ ਨੇੜਿਓਂ ਇਕ ਨਸ਼ਾ ਤਸਕਰ ਨੂੰ 3.116 ਕਿਲੋ ਹੈਰੋਇਨ ਅਤੇ ਇਕ ਡਰੋਨ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਦਕਿ ਉਸ ਦੇ ਦੋ ਸਾਥੀ ਹਨੇਰੇ ਦਾ ਲਾਹਾ ਲੈਂਦੇ ਹੋਏ ਫਰਾਰ ਹੋ ਗਏ| ਐੱਸਐੱਸਪੀ ਅਸ਼ਵਨੀ ਕਪੂਰ ਨੇ ਅੱਜ ਇਥੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਰਾਣਾ ਸਿੰਘ ਵਾਸੀ ਪਿੰਡ ਡੱਲ ਵਜੋਂ ਹੋਈ ਹੈ ਤੇ ਫਰਾਰ ਹੋਣ ਵਾਲਿਆਂ ’ਚ ਪਿੰਡ ਡੱਲ ਦੇ ਵਸਨੀਕ ਲਵਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਦਾ ਨਾਮ ਸ਼ਾਮਲ ਹੈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਤਸਕਰ ਅੱਧੀ ਰਾਤ ਦੇ ਕਰੀਬ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਹੈਰੋਇਨ ਲੈ ਕੇ ਜਾ ਰਹੇ ਸਨ ਤਾਂ ਪੁਲੀਸ ਪਾਰਟੀ ਨੂੰ ਦੇਖਦਿਆਂ ਅਰਸ਼ਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਮੌਕੇ ’ਤੇ ਡਰੋਨ ਸੁੱਟ ਕੇ ਫਰਾਰ ਹੋ ਗਏ| ਪੁਲੀਸ ਨੇ ਰਾਣਾ ਸਿੰਘ ਨੂੰ ਹੈਰੋਇਨ ਅਤੇ ਡਰੋਨ ਸਮੇਤ ਕਾਬੂ ਕਰ ਲਿਆ ਹੈ|