ਫਿਲੌਰ: ਸਥਾਨਕ ਪੁਲੀਸ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲੀਸ ਅਕੈਡਮੀ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਜਾਂਚ ਉਪਰੰਤ ਅਕੈਡਮੀ ਦੇ ਸਿਪਾਹੀ ਰਮਨਦੀਪ ਸਿੰਘ ਦੇ ਬਿਆਨਾਂ ’ਤੇ ਹੌਲਦਾਰ ਸ਼ਕਤੀ ਕੁਮਾਰ ਅਤੇ ਸੇਵਾਦਾਰ ਜੈ ਰਾਜ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਿਛਲੇ ਦਿਨੀਂ ਪੰਜਾਬ ਪੁਲੀਸ ਅਕੈਡਮੀ ’ਚ ਪੁਲੀਸ ਮੁਲਾਜ਼ਮਾਂ ਵੱਲੋਂ ਵਰਤੇ ਅਤੇ ਵੇਚੇ ਜਾ ਰਹੇ ਨਸ਼ਿਆਂ ਸਬੰਧੀ ਖ਼ੁਲਾਸਾ ਹੋਇਆ ਸੀ। ਐਫਆਈਆਰ ਅਨੁਸਾਰ ਅਕੈਡਮੀ ਦੇ ਅਧਿਕਾਰੀ ਪ੍ਰੀਤਪਾਲ ਸਿੰਘ ਪੀਪੀਐੱਸ ਕਮਾਡੈਂਟ-ਕਮ-ਡਿਪਟੀ ਡਾਇਰੈਕਟਰ (ਪ੍ਰਸ਼ਾਸਨ), ਡੀਐੱਸਪੀ ਪ੍ਰਸ਼ਾਸਨ ਅਸ਼ੋਕ ਕੁਮਾਰ, ਬਲਵਿੰਦਰ ਕੌਰ ਪੀਪੀਐੱਸ ਡੀਐੱਸਪੀ (ਆਊਟਡੋਰ) ਵੱਲੋਂ ਕੀਤੀ ਜਾਂਚ ਮਗਰੋਂ ਕੇਸ ਦਰਜ ਕਰਨ ਲਈ ਥਾਣਾ ਫਿਲੌਰ ਨੂੰ ਪੱਤਰ ਲਿਖਿਆ ਗਿਆ ਹੈ। ਐੱਸਐੱਚਓ ਫਿਲੌਰ ਨਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪੜਤਾਲੀਆ ਰਿਪੋਰਟ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ। -ਪੱਤਰ ਪ੍ਰੇਰਕ