ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਮਈ
ਕੌਮਾਂਤਰੀ ਡਰੱਗ ਕੇਸ ਵਿਚ ਸਬੂਤ ਅਤੇ ਗਵਾਹੀ ਦੇਣ ਵਾਲੇ ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਕਥਿਤ ਤੌਰ ’ਤੇ ਧਮਕੀਆਂ ਮਿਲੀਆਂ ਹਨ। ਇਸ ਤੋਂ ਬਾਅਦ ਪੁਲੀਸ ਨੇ ਉਸ ਦੀ ਸੁਰੱਖਿਆ ਛਤਰੀ ਵਿਚ ਸ਼ਾਮਲ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਿਚ ਵਾਧਾ ਕਰ ਦਿੱਤਾ ਹੈ। ਇਸ ਸਬੰਧ ਵਿਚ ਸ੍ਰੀ ਬੋਨੀ ਅਜਨਾਲਾ ਵੱਲੋਂ ਪੁਲੀਸ ਨੂੰ ਇਕ ਦਰਖਾਸਤ ਦਿੱਤੀ ਗਈ ਸੀ, ਜਿਸ ਵਿਚ ਉਸ ਨੇ ਦੱਸਿਆ ਕਿ ਡਰੱਗ ਕੇਸ ਦੇ ਮਾਮਲੇ ਵਿਚ ਉਸ ਵਲੋਂ ਸਬੂਤ ਤੇ ਗਵਾਹੀ ਦੇਣ ਕਰਕੇ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ। ਉਸ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਦੁਪਹਿਰ ਵੇਲੇ ਉਸ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਆਇਆ। ਉਸ ਨੇ ਇਹ ਫੋਨ ਨੰਬਰ ਵੀ ਪੁਲੀਸ ਨੂੰ ਦਿੱਤਾ ਹੈ। ਫੋਨ ਕਰਨ ਵਾਲੇ ਨੇ ਆਪਣਾ ਨਾਂ ‘ਗੱਬਰ’ ਦੱਸਿਆ। ਸ੍ਰੀ ਬੋਨੀ ਨੇ ਦੱਸਿਆ ਕਿ ਇਸ ਵਿਅਕਤੀ ਨੇ ਧਮਕੀ ਦਿੱਤੀ ਹੈ ਕਿ ਉਹ ਬਿਕਰਮ ਮਜੀਠੀਆ ਦੇ ਖ਼ਿਲਾਫ਼ ਗਵਾਹੀ ਦੇ ਕੇ ਆਪਣੇ ਪਰਿਵਾਰ ਦਾ ਨੁਕਸਾਨ ਕਰਵਾ ਲਵੇਗਾ। ਉਸ ਨੇ ਗਾਲ਼ੀ ਗਲੋਚ ਵੀ ਕੀਤਾ ਤੇ ਮੰਦੀ ਸ਼ਬਦਾਵਲੀ ਵੀ ਵਰਤੀ। ਉਸ ਨੇ ਆਪਣੀ ਦਰਖਾਸਤ ਵਿਚ ਸੁਰੱਖਿਆ ਛਤਰੀ ਵਿਚ ਵਾਧਾ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਬੋਨੀ ਅਜਨਾਲਾ ਨੂੰ ਇਸ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਪਿਛਲੇ ਹਫਤੇ ਸੱਦਿਆ ਗਿਆ ਸੀ ਤੇ ਉਸ ਦੇ ਬਿਆਨ ਕਲਮਬੰਦ ਕੀਤੇ ਗਏ ਹਨ। ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਧਮਕੀ ਮਿਲਣ ਦੀ ਕੀਤੀ ਸ਼ਿਕਾਇਤ ਬਾਰੇ ਪੁਸ਼ਟੀ ਕੀਤੀ ਹੈ। ਥਾਣਾ ਰਣਜੀਤ ਐਵੇਨਿਊ ਦੇ ਐੱਸਐੱਚਓ ਨਿਸ਼ਾਨ ਸਿੰਘ ਨੇ ਦੱਸਿਆ ਕਿ ਬੋਨੀ ਅਜਨਾਲਾ ਵੱਲੋਂ ਦਿੱਤੀ ਦਰਖਾਸਤ ਤੋਂ ਬਾਅਦ ਆਰਜ਼ੀ ਤੌਰ ’ਤੇ ਹਫਤੇ ਲਈ ਸੁਰੱਖਿਆ ਛਤਰੀ ਵਿਚ ਵਾਧਾ ਕਰ ਦਿੱਤਾ ਗਿਆ ਹੈ। ਹਫਤੇ ਬਾਅਦ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਇਸ ਬਾਰੇ ਮੁੜ ਵਿਚਾਰ ਹੋਵੇਗਾ।