ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਸਤੰਬਰ
ਇੱਥੇ ਬੀਐੱਸਐੱਫ ਦੇ ਸਰਹੱਦੀ ਇਲਾਕੇ ਵਿੱਚ ਕੰਡਿਆਲੀ ਤਾਰ ਨੇੜਿਓਂ 6 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਗਏ ਹਨ। ਇਹ ਪੈਕੇਟ ਪਾਕਿਸਤਾਨ ਤੋਂ ਆਏ ਇੱਕ ਡਰੋਨ ਰਾਹੀਂ ਸੁੱਟੇ ਗਏ ਸਨ। ਬੀਐੱਸਐੱਫ ਦੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣਨ ਤੋਂ ਬਾਅਦ ਇਸ ਉੱਪਰ ਗੋਲੀ ਵੀ ਚਲਾਈ, ਜਿਸ ਮਗਰੋਂ ਇਹ ਡਰੋਨ ਪਾਕਿਸਤਾਨੀ ਖੇਤਰ ਵੱਲ ਪਰਤ ਗਿਆ। ਬੀਐੱਸਐੱਫ ਦੇ ਅਧਿਕਾਰੀਆਂ ਨੇ ਇਸ ਬਾਰੇ ਦੱਸਿਆ ਕਿ 9 ਤੇ 10 ਸਤੰਬਰ ਦੀ ਦਰਮਿਆਨੀ ਰਾਤ ਨੂੰ ਸਰਹੱਦ ’ਤੇ ਡਿਊਟੀ ਦੇ ਰਹੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ ਸੀ। ਜਵਾਨਾਂ ਵੱਲੋਂ ਇਸ ਡਰੋਨ ’ਤੇ ਗੋਲੀ ਚਲਾਈ ਗਈ। ਗੋਲੀ ਚੱਲਣ ਤੋਂ ਬਾਅਦ ਇਹ ਡਰੋਨ ਪਾਕਿਸਤਾਨੀ ਖੇਤਰ ਵੱਲ ਵਾਪਸ ਚਲਾ ਗਿਆ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਜਦੋਂ ਇਸ ਖੇਤਰ ਦੀ ਤਲਾਸ਼ੀ ਲਈ ਤਾਂ ਉਥੋਂ ਛੇ ਪੈਕੇਟ ਹੈਰੋਇਨ ਦੇ ਬਰਾਮਦ ਹੋਏ ਹਨ, ਜਿਨ੍ਹਾਂ ਦਾ ਵਜ਼ਨ ਲਗਪਗ ਛੇ ਕਿੱਲੋ ਬਣਦਾ ਹੈ। ਉਨ੍ਹਾਂ ਦੱਸਿਆ ਕਿ ਬੀਐੱਸਐੱਫ ਤੇ ਇਸ ਦੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਹੁਣ ਤੱਕ ਸਰਹੱਦ ਤੋਂ 324 ਕਿੱਲੋ ਹੈਰੋਇਨ ਫੜੀ ਗਈ ਹੈ।