ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 6 ਜੁਲਾਈ
ਡੀਨ ਕਾਲਜਾਂ ਡਾ. ਯੋਗਰਾਜ ਨੂੰ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਇਹ ਅਹੁਦਾ ਅੱਜ ਡਾ ਮਨਜੀਤ ਸਿੰਘ ਨਿੱਝਰ ਨੇ ਆਪਣੀ ਉਮਰ 60 ਸਾਲ ਪੂਰੀ ਹੋਣ ’ਤੇ ਛੱਡ ਦਿੱਤਾ ਹੈ। ਵਾਈਸ ਚਾਂਸਲਰ ਡਾ. ਬੀਐੱਸ ਘੁੰਮਣ ਨੇ ਸਿੰਡੀਕੇਟ ਦੀ ਪ੍ਰਵਾਨਗੀ ਦੀ ਆਸ ’ਚ ਇਸ ਅਹੁਦੇ ’ਤੇ ਵਾਧੂ ਚਾਰਜ ਵਜੋਂ ਡਾ. ਯੋਗਰਾਜ ਨੂੰ ਨਿਯੁਕਤ ਕੀਤਾ ਹੈ। ਡਾ. ਯੋਗਰਾਜ ਨੇ ਯੂਨੀਵਰਸਿਟੀ ਅਧਿਕਾਰੀਆਂ ਦੀ ਮੌਜੂਦਗੀ ’ਚ ਅਹੁਦਾ ਸੰਭਾਲਿਆ। ਉੱਧਰ ਪੰਜਾਬੀ ਯੂਨੀਵਰਸਿਟੀ ਨਾਨ-ਟੀਚਿੰਗ ਕਰਮਚਾਰੀ ਐਸੋਸੀਏਸ਼ਨ (ਬੀ ਤੇ ਸੀ) ਨੇ ਰਜਿਸਟਰਾਰ ਦਾ ਅਹੁਦਾ ਨਿਯਮਾਂਵਲੀ ਤੋਂ ਹਟ ਕੇ ਮੁੜ ਨਾਨ-ਟੀਚਿੰਗ ’ਚੋਂ ਬਾਹਰ ਦਿੱਤੇ ਜਾਣ ਖ਼ਿਲਾਫ਼ ਪੀਪੇ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਰਜਿਸਟਰਾਰ ਦੀ ਅਸਾਮੀ ਰੈਗੂਲਰ ਆਧਾਰ ’ਤੇ ਭਰੀ ਜਾਵੇ।