ਟ੍ਰਿਬਿਊਨ ਨਿਊਜ਼ ਸਰਵਿਸ/ਖੇਤਰੀ ਪ੍ਰਤੀਨਿਧ
ਚੰਡੀਗੜ੍ਹ/ਮੁਹਾਲੀ, 30 ਜੁਲਾਈ
ਪੰਜਾਬ ਦੇ ਸਿਹਤ ਮੰਤਰੀ ਵੱਲੋਂ ਕੀਤੇ ਗਏ ਮਾੜੇ ਵਿਹਾਰ ਤੋਂ ਇਕ ਦਿਨ ਬਾਅਦ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੂੰ ਮਿਲ ਕੇ ਭਾਵੁਕ ਹੋ ਗਏ। ਡਾ. ਰਾਜ ਬਹਾਦਰ ਵੱਲੋਂ ਦਿੱਤੇ ਅਸਤੀਫ਼ੇ ਮਗਰੋਂ ਰਾਜਾ ਵੜਿੰਗ ਹਮਾਇਤ ਵਜੋਂ ਉਨ੍ਹਾਂ ਨੂੰ ਮਿਲਣ ਲਈ ਮੁਹਾਲੀ ਦੇ ਸੈਕਟਰ 70 ਸਥਿਤ ਰਿਜਨਲ ਸਪਾਈਨਲ ਸੈਂਟਰ ਆਏ ਸਨ। ਇਸ ਦੌਰਾਨ ਡਾ. ਰਾਜ ਬਹਾਦਰ ਦੀਆਂ ਅੱਖਾਂ ’ਚੋਂ ਹੰਝੂ ਨਿਕਲ ਆਏ। ਰਾਜਾ ਵੜਿੰਗ ਨੇ ਡਾ. ਰਾਜ ਬਹਾਦਰ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਉਹ ਹੌਸਲਾ ਨਾ ਢਾਹੁਣ। ਉਨ੍ਹਾਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਡਾ. ਰਾਜ ਬਹਾਦਰ ਨਾਲ ਕੀਤੇ ਦੁਰਵਿਹਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੌੜੇਮਾਜਰਾ ਆਪਣੇ ਵਤੀਰੇ ਲਈ ਡਾ. ਰਾਜ ਬਹਾਦਰ ਤੋਂ ਮੁਆਫ਼ੀ ਮੰਗਣ। ਰਾਜਾ ਵੜਿੰਗ ਨਾਲ ਇਸ ਮੌਕੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਤੇ ਕੈਪਟਨ ਸੰਦੀਪ ਸੰਧੂ ਵੀ ਮੌਜੂਦ ਸਨ।
ਰਾਜਾ ਵੜਿੰਗ ਨੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਰਾਜ ਬਹਾਦਰ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਪ ਕੁਲਪਤੀ ਨੇ ਦੇਸ਼-ਵਿਦੇਸ਼ ਵਿੱਚ ਬਿਹਤਰੀਨ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਇੱਕ ਦਿਨ ਵਿੱਚ ਪੰਜਾਹ ਹਜ਼ਾਰ ਤੱਕ ਸੈਂਪਲ ਲੈ ਕੇ ਟੈਸਟ ਕਰਾਉਣੇ ਵੀ ਡਾ. ਰਾਜ ਬਹਾਦਰ ਨੇ ਆਰੰਭ ਕੀਤੇ ਸਨ। ਉਨ੍ਹਾਂ ਕਿਹਾ ਕਿ ਡਾ. ਰਾਜ ਬਹਾਦਰ ਨੇ ਹਜ਼ਾਰਾਂ ਅਪਰੇਸ਼ਨ ਕੀਤੇ ਅਤੇ ਛੁੱਟੀ ਵਾਲੇ ਦਿਨ ਵੀ ਉਹ ਮੁਹਾਲੀ ਵਿਖੇ ਆਪਣੀ ਸੇਵਾਵਾਂ ਦਿੰਦੇ ਹਨ ਤੇ ਲੋਕ ਉਨ੍ਹਾਂ ਨੂੰ ਰੱਬ ਵਾਂਗ ਪੂਜਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਡਾਕਟਰਾਂ ਦੀ ਘਾਟ ਨਾਲ ਜੂਝ ਰਿਹਾ ਹੈ ਤੇ ਡਾ. ਰਾਜ ਬਹਾਦਰ ਨਾਲ ਵਾਪਰੀ ਘਟਨਾ ਕਾਰਨ ਡਾਕਟਰਾਂ ਦਾ ਮਨੋਬਲ ਡਿੱਗੇਗਾ। ਉਨ੍ਹਾਂ ਕਿਹਾ ਕਿ ਡਾ. ਰਾਜ ਬਹਾਦਰ ਤੇ ਹੋਰਨਾਂ ਡਾਕਟਰਾਂ ਦੇ ਅਸਤੀਫ਼ੇ ਮੰਦਭਾਗੇ ਹਨ।
ਵਿਰੋਧੀ ਧਿਰਾਂ ਨੇ ‘ਆਪ’ ਸਰਕਾਰ ਨੂੰ ਘੇਰਿਆ
ਚੰਡੀਗੜ੍ਹ (ਦਵਿੰਦਰ ਪਾਲ): ਪੰਜਾਬ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਉਪ ਕੁਲਤਪੀ ਡਾ. ਰਾਜ ਬਹਾਦਰ ਨਾਲ ਮਾੜਾ ਵਿਹਾਰ ਕਰਨ ਦੇ ਮਾਮਲੇ ’ਤੇ ਸਰਕਾਰ ਦੀ ਹਾਲਤ ਕਸੂਤੀ ਬਣ ਗਈ ਹੈ। ਮੈਡੀਕਲ ਖੇਤਰ ’ਚ ਕੰਮ ਕਰ ਰਹੀਆਂ ਕੌਮੀ ਪੱਧਰ ਦੀਆਂ ਸੰਸਥਾਵਾਂ ਨੇ ਡਾ. ਰਾਜ ਬਹਾਦਰ ਦੀ ਹਮਾਇਤ ਕਰਦਿਆਂ ਮੰਤਰੀ ਦੇ ਵਿਹਾਰ ਦੀ ਤਿੱਖੀ ਅਲੋਚਨਾ ਕੀਤੀ ਹੈ। ਵਿਰੋਧੀ ਧਿਰਾਂ ਨੇ ਵੀ ‘ਆਪ’ ਸਰਕਾਰ ਨੂੰ ਘੇਰਦਿਆਂ ਸਿਹਤ ਮੰਤਰੀ ਦੀ ਬਰਖਾਸਤਗੀ ਮੰਗੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਜੌੜੇਮੇਜਰਾ ਦੇ ਵਿਹਾਰ ਦੀ ਨਿਖੇਧੀ ਕਰਦਿਆਂ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ‘ਆਪ’ ਸਰਕਾਰ ਬੁਖਲਾ ਗਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਮੰਤਰੀ ਕੰਮ ਕਰਨ ਦੀ ਥਾਂ ਫੋਕੀ ਵਾਹ-ਵਾਹ ਖੱਟਣ ਲਈ ਡਰਾਮੇ ਕਰ ਰਹੇ ਹਨ। ਸਰਕਾਰ ਤੋਂ ਪੰਜਾਬ ਦਾ ਪ੍ਰਬੰਧ ਸੰਭਾਲਿਆ ਨਹੀਂ ਜਾ ਰਿਹਾ। ਪੰਜਾਬ ਵਿਚ ਬਦਅਮਨੀ ਫੈਲਦੀ ਜਾ ਰਹੀ ਹੈ। ਇਸ ਤਰ੍ਹਾਂ ਕਿਸੇ ਵੀ ਅਧਿਕਾਰੀ ਨੂੰ ਜਲੀਲ ਕਰਨਾ ਮੰਦਭਾਗਾ ਹੈ। ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਹੁਣ ਗੇਂਦ ਭਗਵੰਤ ਮਾਨ ਦੇ ਪਾਲੇ ਵਿੱਚ ਹੈ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਵਾਂਗ ਵਿਹਾਰ ਕਰਨਾ ਚਾਹੀਦਾ ਹੈ। ਵਾਈਸ ਚਾਂਸਲਰ ਡਾ. ਰਾਜ ਬਹਾਦਰ ਅਤੇ ਇਸ ਸੰਸਥਾ ਦੇ ਵੱਕਾਰ ਦੀ ਬਹਾਲੀ ਲਈ ਜੋ ਵੀ ਕੀਤਾ ਜਾਣਾ ਲੋੜੀਂਦਾ ਹੈ, ਉਹ ਤੁਰੰਤ ਕੀਤਾ ਜਾਵੇ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ‘ਆਪ’ ਸਰਕਾਰ ਦੇ ਇੱਕ ਮੰਤਰੀ ਦੇ ਘੁਮੰਡ ਨੂੰ ਸੰਤੁਸ਼ਟ ਕਰਨ ਲਈ ਕੌਮੀ ਪ੍ਰਸਿੱਧੀ ਵਾਲੇ ਡਾਕਟਰ ਨੂੰ ਅਪਮਾਨ ਦਾ ਸ਼ਿਕਾਰ ਹੋਣਾ ਪਿਆ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਸਪਾਈਨਲ ਸਰਜਨ ਡਾ. ਰਾਜ ਬਹਾਦਰ ਨਾਲ ਕੀਤੀ ਗਈ ਬਦਸਲੂਕੀ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾੜੇ ਵਤੀਰੇ ਲਈ ਸਿਹਤ ਮੰਤਰੀ ਨੂੰ ਤੁਰੰਤ ਡਾ. ਰਾਜ ਬਹਾਦਰ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿਹਤ ਮੰਤਰੀ ਦੇ ਰਵੱਈਏ ਦੀ ਨਿਖੇਧੀ ਕੀਤੀ ਹੈ।