ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 10 ਅਗਸਤ
ਪੰਜਾਬ ਸਰਕਾਰ ਨੇ ਸਿੱਖਿਆ ਸ਼ਾਸਤਰੀ ਡਾ. ਵਰਿੰਦਰ ਭਾਟੀਆ (52) ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਉਂਜ ਡਾਕਟਰ ਭਾਟੀਆ ਨੇ ਚੇਅਰਮੈਨੀ ਲਈ ਵੀ ਅਪਲਾਈ ਕੀਤਾ ਸੀ ਪਰ ਸ਼ਾਹੀ ਘਰਾਣੇ ਦੇ ਜ਼ਿਆਦਾ ਨੇੜੇ ਹੋਣ ਕਾਰਨ ਡਾ. ਯੋਗਰਾਜ ਬਾਜ਼ੀ ਮਾਰ ਗਏ ਸਨ। ਹੁਣ ਸ੍ਰੀ ਭਾਟੀਆ ਨੂੰ ਵਾਈਸ ਚੇਅਰਮੈਨ ਲਗਾਇਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਮਗਰੋਂ ਪੰਜਾਬ ਦੇ ਰਾਜਪਾਲ ਨੇ ਵੀ ਇਸ ਫ਼ੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਵਾਈਸ ਚੇਅਰਮੈਨ ਦੇ ਅਹੁਦੇ ਦੀ ਮਿਆਦ ਤਿੰਨ ਵਰ੍ਹਿਆਂ ਦੀ ਹੋਵੇਗੀ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਰਾਜਪਾਲ ਦੀ ਪ੍ਰਵਾਨਗੀ ਮਿਲਣ ਮਗਰੋਂ ਡਾ. ਵਰਿੰਦਰ ਭਾਟੀਆ ਨੂੰ ਬੋਰਡ ਦਾ ਉਪ ਚੇਅਰਮੈਨ ਨਿਯੁਕਤ ਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ।