ਜਸਵੰਤ ਜੱਸ
ਫ਼ਰੀਦਕੋਟ, 1 ਅਗਸਤ
ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੀ ਫੇਰੀ ਮਗਰੋਂ ਪੈਦਾ ਹੋਏ ਵਿਵਾਦ ਤੋਂ ਬਾਅਦ ਅੱਜ ਫ਼ਰੀਦਕੋਟ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਫ਼ਰੀਦਕੋਟ ਸ਼ਹਿਰ ਵਾਸੀਆਂ ਤੇ ਮੁਲਾਜ਼ਮਾਂ ਦਾ ਇੱਕ ਵਫ਼ਦ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਉਪ ਕੁਲਪਤੀ ਡਾ. ਰਾਜ ਬਹਾਦਰ ਦੇ ਅਸਤੀਫ਼ੇ ਨੂੰ ਮਨਜ਼ੂਰ ਕਰਨ ਲਈ ਅਪੀਲ ਕਰੇਗਾ।
ਇਸ ਮੌਕੇ ਫਰੀਦਕੋਟ ਦੇ ਵਸਨੀਕਾਂ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਫੰਡਾਂ ’ਤੇ ਜਲਾਲਾਬਾਦ ਤੇ ਲੰਬੀ ਵਿਧਾਨ ਸਭਾ ਹਲਕੇ ਦਾ ਵਿਕਾਸ ਹੋਣ ਦੇ ਮਾਮਲੇ ਦੀ ਵੀ ਪੜਤਾਲ ਕਰਨ ਦੀ ਮੰਗ ਕੀਤੀ। ਯੂਨੀਵਰਸਿਟੀ ਦੇ ਸੈਂਕੜੇ ਮੁਲਾਜ਼ਮ ਵਾਈਸ ਚਾਂਸਲਰ ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਦੇ ਬਾਹਰ ਪੱਕੇ ਧਰਨੇ ’ਤੇ ਬੈਠ ਗਏ ਹਨ। ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਵੱਲੋਂ ਭੇਜੇ ਗਏ ਸੈਂਕੜੇ ਵੈਂਟਰੀਲੇਟਰ ਲੋੜਵੰਦਾਂ ਤੱਕ ਨਹੀਂ ਪਹੁੰਚੇ ਅਤੇ 125 ਕਰੋੜ ਦੀ ਗ੍ਰਾਂਟ ਜਾਰੀ ਹੋਣ ਦੇ ਬਾਵਜੂਦ ਕਰੋਨਾ ਦੌਰਾਨ ਲੋਕਾਂ ਨੂੰ ਇੱਥੋਂ ਕੋਈ ਸਹੂਲਤ ਨਹੀਂ ਮਿਲੀ। ਇਸ ਬਾਰੇ ਪੁੱਛੇ ਜਾਣ ’ਤੇ ਡਾ. ਰਾਜ ਬਹਾਦਰ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਯੂਨੀਵਰਸਿਟੀ ਅਤੇ ਹਸਪਤਾਲ ਦੀ ਬਿਹਤਰੀ ਲਈ ਯਤਨ ਕੀਤੇ ਹਨ ਅਤੇ ਉਹ ਹਸਪਤਾਲ ਦੀਆਂ ਘਾਟਾਂ ਪੂਰੀਆਂ ਕਰਨ ਲਈ ਯਤਨਸ਼ੀਲ ਰਹੇ ਹਨ।
ਜੌੜੇਮਾਜਰਾ ਦੇ ਹੱਕ ’ਚ ਆਈਆਂ ਪੰਚਾਇਤਾਂ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਸਿਹਤ ਮੰਤਰੀ ਦੇ ਵਿਰੋਧ ਵਿੱਚ ਉੱਠ ਰਹੇ ਸਵਾਲਾਂ ਖ਼ਿਲਾਫ਼ ਅੱਜ ਸਮਾਣਾ ਹਲਕੇ ਦੀਆਂ ਸਾਬਕਾ ਅਤੇ ਮੌਜੂਦਾ ਪੰਚਾਇਤਾਂ ਸਿਹਤ ਮੰਤਰੀ ਦੇ ਸਮਰਥਨ ਵਿੱਚ ਨਿਤਰ ਆਈਆਂ ਹਨ। ਸਮਾਣਾ ਹਲਕੇ ਦੇ ਸਾਬਕਾ ਤੇ ਮੌਜੂਦਾ ਸਰਪੰਚਾਂ ਨੇ ਪਟਿਆਲਾ ਵਿੱਚ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਡਾ. ਰਾਜ ਬਹਾਦਰ ਡਾਕਟਰ ਚੰਗਾ ਹੋ ਸਕਦਾ ਹੈ, ਪਰ ਪ੍ਰਬੰਧਕ ਬੇਹੱਦ ਮਾੜਾ ਸੀ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਬਿਨਾਂ ਵਜ੍ਹਾ ਮਾਹੌਲ ਖ਼ਰਾਬ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਵੱਲੋਂ ਡਾਕਟਰ ਕੋਲੋਂ ਮੁਆਫ਼ੀ ਮੰਗੇ ਜਾਣ ਦੀ ਨਿਖੇਧੀ ਵੀ ਕੀਤੀ।