ਪਾਲ ਸਿੰਘ ਨੌਲੀ
ਜਲੰਧਰ, 1 ਜਨਵਰੀ
ਦੋਆਬੇ ਵਿੱਚ ‘ਆਪ’ ਦੀ ਲੀਡਰਸ਼ਿਪ ਵਿਰੁੱਧ ਬਗਾਵਤ ਖੁੱਲ੍ਹ ਕੇ ਹੋਣ ਲੱਗ ਪਈ ਹੈ। ਬੰਗਾ ਵਿਧਾਨ ਸਭਾ ਹਲਕੇ ’ਚ ਜਿਹੜੇ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ, ਉਸ ਵਿਰੁੱਧ ਰੋਸ ਜ਼ਾਹਰ ਕਰਦਿਆਂ ਦੋ ਦਰਜਨ ਦੇ ਕਰੀਬ ਅਹੁਦੇਦਾਰਾਂ ਨੇ ਪਾਰਟੀ ਤੋਂ ਅਸਤੀਫ਼ੇ ਦੇ ਦਿੱਤੇ ਹਨ। ‘ਆਪ’ ਦੇ ਸੂਬਾਈ ਬੁਲਾਰੇ ਤੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਡਾ. ਸ਼ਿਵਦਿਆਲ ਮਾਲੀ ਪਹਿਲੇ ਸੂਬਾਈ ਆਗੂ ਹਨ, ਜਿਨ੍ਹਾਂ ਨੇ ਪਾਰਟੀ ਦੀ ਲੀਡਰਸ਼ਿਪ ਨੂੰ ਕਟਹਿਰੇ ’ਚ ਖੜ੍ਹਾ ਕਰਦਿਆਂ ਭਾਜਪਾ ਆਗੂ ਸ਼ੀਤਲ ਅੰਗੁਰਾਲ ਬਾਰੇ ਹੋਏ ਸਰਵੇਖਣ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਡਾ. ਮਾਲੀ ਨੇ ਦੱਸਿਆ ਕਿ ‘ਆਪ’ ਨੇ ਉਨ੍ਹਾਂ ਦੀ ਦਾਅਵੇਦਾਰੀ ਬਾਰੇ ਹਲਕੇ ਵਿੱਚ ਅੱਠ ਵਾਰ ਸਰਵਖਣ ਕਰਵਾਇਆ ਸੀ। ਇਸੇ ਤਰ੍ਹਾਂ ਦੋ ਹੋਰ ਆਗੂਆਂ ਦਾ ਵੀ ਕਈ-ਕਈ ਵਾਰ ਸਰਵਖਣ ਹੋਇਆ ਸੀ। ਡਾ. ਮਾਲੀ ਨੇ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਹੋਈ ਕਿ ਭਾਜਪਾ ਦਾ ਜਿਹੜਾ ਆਗੂ 24 ਘੰਟੇ ਪਹਿਲਾਂ ‘ਆਪ’ ਵਿੱਚ ਸ਼ਾਮਲ ਹੋਇਆ ਹੈ, ਉਸ ਨੂੰ ਪਾਰਟੀ ਨੇ ਜਲੰਧਰ ਪੱਛਮੀ ਤੋਂ ਉਮੀਦਵਾਰ ਐਲਾਨ ਦਿੱਤਾ। ਡਾ. ਸ਼ਿਵਦਿਆਲ ਮਾਲੀ ਨੇ ਇਸ ਨੂੰ ਗਲਤ ਫ਼ੈਸਲਾ ਦੱਸਦਿਆਂ ਕਿਹਾ ਕਿ ਜਿਸ ਭਾਜਪਾ ਆਗੂ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ, ਉਸ ’ਤੇ ਕੇਸ ਦਰਜ ਹਨ। ਡਾ. ਸ਼ਿਵਦਿਆਲ ਮਾਲੀ ਨੇ ਕਿਹਾ ਕਿ ਉਹ ਕਿਸੇ ਵੀ ਗਲਤ ਆਦਮੀ ਨਾਲ ਖੜ੍ਹੇ ਨਹੀਂ ਹੋ ਸਕਦੇ।