ਨਿੱਜੀ ਪੱਤਰ ਪ੍ਰੇਰਕ
ਜਲੰਧਰ, 12 ਅਪਰੈਲ
ਪ੍ਰੀਤਮ ਫਿਲਮ ਪ੍ਰੋਡਕਸ਼ਨ ਵੱਲੋਂ ਜੱਸੀ ਚਾਨਾ ਦੇ ਨਿਰਦੇਸ਼ਨ ਹੇਠ ਬਣਾਈ ਗਈ ਐਨੀਮੇਟਿਡ ਫਿਲਮ ‘ਜੈ ਭੀਮ’ 14 ਅਪਰੈਲ ਨੂੰ ਰਿਲੀਜ਼ ਕੀਤੀ ਜਾ ਰਹੀ ਹੈ। ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਨਿਰਦੇਸ਼ਕ ਜੱਸੀ ਚਾਨਾ ਨੇ ਦੱਸਿਆ ਕਿ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ’ਤੇ ਬਣੀ ਫਿਲਮ ‘ਜੈ ਭੀਮ’ ਵਿਸ਼ਵ ਪੱਧਰ ’ਤੇ ਰਿਲੀਜ਼ ਕੀਤੀ ਜਾਵੇਗੀ। ਪਹਿਲੇ ਪੜਾਅ ਦੌਰਾਨ ਇਹ ਫਿਲਮ ਪੰਜਾਬ, ਹਰਿਆਣਾ ਤੇ ਜੰਮੂ ਵਿੱਚ ਬਾਬਾ ਸਾਹਿਬ ਦੇ ਜਨਮ ਦਿਨ ਮੌਕੇ 14 ਅਪਰੈਲ ਨੂੰ ਰਿਲੀਜ਼ ਹੋਵੇਗੀ। ਦੂਜੇ ਪੜਾਅ ਤਹਿਤ 22 ਅਪਰੈਲ ਨੂੰ ਦਿੱਲੀ, ਰਾਜਸਥਾਨ, ਯੂਪੀ ਅਤੇ ਬਿਹਾਰ ਵਿੱਚ ,ਤੀਜੇ ਪੜਾਅ ਵਿੱਚ 29 ਅਪਰੈਲ ਨੂੰ ਰਿਲੀਜ਼ ਕੀਤੀ ਜਾਵੇਗੀ।
ਧਾਰੀਵਾਲ (ਪੱਤਰ ਪ੍ਰੇਰਕ): ਡਾ. ਅੰਬੇਡਕਰ ਮਿਸ਼ਨ ਧਾਰੀਵਾਲ ਦੇ ਪ੍ਰੈੱਸ ਸਕੱਤਰ ਅਸ਼ਵਨੀ ਫੱਜੂਪੁਰ ਨੇ ਦੱਸਿਆ ਕਿ ਡਾ. ਅੰਬੇਡਕਰ ਦੇ ਜੀਵਨ ’ਤੇ ਆਧਾਰਤ ਫਿਲਮ ‘ਜੈ ਭੀਮ’ ਬਾਬਾ ਸਾਹਿਬ ਦੇ ਦਾਰਸ਼ਨਿਕ, ਆਰਥਿਕ, ਸਿਆਸੀ ਅਤੇ ਸਮਾਜਿਕ ਵਿਚਾਰਾਂ ’ਤੇ ਵੀ ਰੌਸ਼ਨੀ ਪਾਵੇਗੀ।
ਮੁੱਖ ਮੰਤਰੀ ਜਲੰਧਰ ’ਚ ਬਾਬਾ ਸਾਹਿਬ ਨੂੰ ਭੇਟ ਕਰਨਗੇ ਸ਼ਰਧਾ ਦੇ ਫੁੱਲ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਮੌਕੇ 14 ਅਪਰੈਲ ਨੂੰ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਪਹੁੰਚਣਗੇ। ਸਥਾਨਕ ਬੂਟਾਂ ਮੰਡੀ ਵਿੱਚ ਹੋਣ ਵਾਲੇ ਇਸ ਸਮਾਗਮ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਧਾਇਕ ਸ਼ੀਤਲ ਅੰਗੁਰਾਲ, ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਅਤੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਅੱਜ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ ਅਤੇ ਅੰਬੇਡਕਰ ਪਾਰਕ ਦਾ ਦੌਰਾ ਵੀ ਕੀਤਾ।