ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 3 ਜਨਵਰੀ
ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਹਸਪਤਾਲ ਕਰਤਾਰਪੁਰ ਦੇ ਸੰਚਾਲਕ ਡਾ. ਗੁਰਵਿੰਦਰ ਸਿੰਘ ਸਮਰਾ ਨੇ ਬੇਸ਼ਕੀਮਤੀ ਹੀਰਿਆਂ ਨਾਲ ਜੜਿਆ ਹਾਰ ਅਤੇ ਤਿੰਨ ਫੁੱਟ ਲੰਬੀ ਸੋਨੇ ਦੀ ਕਿਰਪਾਨ ਗੁਰਦੁਆਰਾ ਕਮੇਟੀ ਦੀ ਹਾਜ਼ਰੀ ਵਿੱਚ ਭੇਟ ਕੀਤੀ। ਇਸ ਤੋਂ ਪਹਿਲਾਂ ਉਹ ਸੁੱਖ ਆਸਣ ਲਈ ਸੋਨੇ ਦੀ ਕਢਾਈ ਨਾਲ ਤਿਆਰ ਕੀਤੀ ਰਜਾਈ ਅਤੇ ਰੁਮਾਲਾ ਵੀ ਭੇਟ ਕਰ ਚੁੱਕੇ ਹਨ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਦੱਸਿਆ ਕਿ ਡਾ. ਗੁਰਵਿੰਦਰ ਸਿੰਘ ਸਮਰਾ ਵੱਲੋਂ ਤਖ਼ਤ ਸਾਹਿਬ ਵਿਖੇ ਭੇਟ ਕੀਤੀਆਂ ਗਈਆਂ ਕੀਮਤੀ ਵਸਤਾਂ ’ਚ 1300 ਨਗ (ਹੀਰੇ, ਨੀਲਮ, ਪੰਨਾ ਤੇ ਪੁਖਰਾਜ) ਜੜੇ ਹਨ। ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਗੁਰਦੁਆਰਾ ਕਮੇਟੀ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਸੋਹੀ ਅਤੇ ਸਕੱਤਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਡਾ. ਸਮਰਾ ਕੁਝ ਦਿਨ ਪਹਿਲਾਂ ਸੋਨੇ ਦਾ ਪਲੰਘ ਅਤੇ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੀਰਿਆਂ ਨਾਲ ਜੜੀ ਸੋਨੇ ਦੀ ਕਲਗੀ ਭੇਟ ਕਰ ਚੁੱਕੇ ਹਨ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਨੇ ਡਾ. ਗੁਰਵਿੰਦਰ ਸਿੰਘ ਸਮਰਾ ਅਤੇ ਉਨ੍ਹਾਂ ਦੇ ਪੁੱਤਰ ਹਰਮਨਬੀਰ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।