ਹਰਦੇਵ ਚੌਹਾਨ
ਚੰਡੀਗੜ੍ਹ, 2 ਫਰਵਰੀ
ਡਾ. ਐੱਮ.ਐੱਸ. ਰੰਧਾਵਾ ਯਾਦਗਾਰੀ ਉਤਸਵ ਕਲਾ ਭਵਨ ਚੰਡੀਗੜ੍ਹ ਵਿੱਚ ਸ਼ੁਰੂ ਹੋ ਗਿਆ ਹੈ। ਪੰਜਾਬ ਕਲਾ ਪਰਿਸ਼ਦ ਵੱਲੋਂ ਕਰਵਾਏ ਜਾ ਰਹੇ ਮੇਲੇ ਦੇ ਪਹਿਲੇ ਦਿਨ ਪੰਜਾਬ ਦੀਆਂ ਪੰਜ ਉੱਘੀਆਂ ਹਸਤੀਆਂ ਨੂੰ ਗੌਰਵ ਪੰਜਾਬ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।
ਸ਼ਾਮ ਵੇਲੇ ਹੋਏ ਯਾਦਗਾਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਸ਼ਾਮਲ ਹੋਏ ਜਦਕਿ ਪ੍ਰਧਾਨਗੀ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕੀਤੀ। ਡਾ. ਪਾਤਰ ਨੇ ਸਨਮਾਨਿਤ ਸ਼ਖਸੀਅਤਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਪਾਏ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਡਾ. ਐੱਮ.ਐੱਸ. ਰੰਧਾਵਾ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਡਾ. ਰਤਨ ਸਿੰਘ ਜੱਗੀ ਤੇ ਜੰਗ ਬਹਾਦਰ ਗੋਇਲ ਨੂੰ ਸਾਹਿਤ ਸੇਵਾ ਲਈ ਸਨਮਾਨਿਤ ਕੀਤਾ ਗਿਆ। ਨਾਟਕ ਖੇਤਰ ਲਈ ਡਾ. ਨੀਲਮ ਮਾਨ ਸਿੰਘ, ਲਲਿਤ ਕਲਾ ਲਈ ਡਾ. ਪ੍ਰੇਮ ਸਿੰਘ ਤੇ ਲੋਕ ਗਾਇਕੀ ਲਈ ਅਮਰਜੀਤ ਗੁਰਦਾਸਪੁਰੀ ਸਨਮਾਨੇ ਗਏ। ਉਪ ਕੁਲਪਤੀ ਡਾ. ਅਰਵਿੰਦ ਨੇ ਆਖਿਆ ਕਿ ਅਜੋਕੇ ਯੁੱਗ ਵਿੱਚ ਪੰਜਾਬੀ ਭਾਸ਼ਾ ਦਾ ਮਾਣ ਵਧਾਉਣ ਅਤੇ ਹਰ ਕੰਮ ਪੰਜਾਬੀ ਵਿੱਚ ਲਾਜ਼ਮੀ ਕਰਨ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਲੋਕ ਕਲਾਵਾਂ ਅਮੀਰੀ ਨਾਲ ਲਬਰੇਜ਼ ਹਨ ਤੇ ਇਨਾਂ ਦਾ ਵਿਕਾਸ ਜ਼ਰੂਰੀ ਹੈ। ਇਸ ਸਮਾਗਮ ਵਿਚ ਕੁੰਜੀਵਤ ਭਾਸ਼ਣ ਸਾਬਕਾ ਆਈਏਐੱਸ ਅਧਿਕਾਰੀ ਕਾਹਨ ਸਿੰਘ ਪੰਨੂ ਨੇ ਦਿੱਤਾ ਅਤੇ ਡਾ. ਰੰਧਾਵਾ ਦੀ ਘਾਲਣਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਹ ਕਲਾ ਪਾਰਖੂ ਤੇ ਕਲਾਵਾਂ ਦੇ ਕਦਰਦਾਨ ਸਨ। ਮੰਚ ਸੰਚਾਲਨ ਡਾ. ਲਖਵਿੰਦਰ ਜੌਹਲ ਨੇ ਕੀਤਾ ਤੇ ਧੰਨਵਾਦ ਦੀ ਰਸਮ ਡਾ. ਯੋਗਰਾਜ ਨੇ ਨਿਭਾਈ। ਗਾਇਕੀ ਤੇ ਗੀਤ ਸੰਗੀਤ ਦੀ ਪੇਸ਼ਕਾਰੀ ਬੈਨੀਵਾਲ ਭੈਣਾ ਨੇ ਕੀਤੀ।
ਇਸ ਸਮਾਗਮ ਵਿਚ ਡਾ. ਸਰਬਜੀਤ ਕੌਰ ਸੋਹਲ, ਦੀਵਾਨ ਮਾਨਾ, ਪ੍ਰੀਤਮ ਰੁਪਾਲ, ਕੇਵਲ ਧਾਲੀਵਾਲ, ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ, ਸੁਰਿੰਦਰ ਗਿੱਲ, ਦੀਪਕ ਸ਼ਰਮਾ ਚਨਾਰਥਲ, ਹਰਪ੍ਰੀਤ ਚਨੂੰ ਸਮੇਤ ਕਈ ਹਸਤੀਆਂ ਸ਼ਾਮਲ ਸਨ।