ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਅਪਰੈਲ
ਭਾਰਤੀ ਅੰਬੇਦਕਰ ਮਿਸ਼ਨ ਸੰਸਥਾ ਵੱਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਡੀਟੋਰੀਅਮ ਵਿੱਚ ਮਿਸ਼ਨ ਦੇ ਮੁੱਖ ਸਰਪ੍ਰਸਤ ਤੇ ਐੱਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਪੂਨਮ ਕਾਂਗੜਾ ਅਤੇ ਕੌਮੀ ਪ੍ਰਧਾਨ ਦਰਸ਼ਨ ਕਾਂਗੜਾ ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ।
‘ਬਾਬਾ ਸਾਹਿਬ ਤੁਝੇ ਸਲਾਮ’ ਦੇ ਨਾਮ ਹੇਠ ਹੋਏ ਇਸ ਸਮਾਗਮ ਵਿੱਚ ਡਾ. ਦੇਵ ਸਿੰਘ ਅਦਿੱਤਿਆ ਧਰਮਚਾਰੀਆ ਭਾਵਾਧਸ ਤੇ ਰਿਸ਼ੀਪਾਲ ਆਦਿਵਾਸੀ ਧਰਮ ਪ੍ਰਚਾਰਕ ਆਦਸ, ਬੀਬੀ ਗੁਰਦਰਸ਼ਨ ਕੌਰ, ਸਾਬਕਾ ਵਿਧਾਇਕ ਪਿਰਮਲ ਸਿੰਘ, ਐੱਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਪਰਮਜੀਤ ਕੌਰਠ, ਦਲਿਤ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਸਮੇਂ ਸਿੰਘ ਬਿਰਲਾ ਅਤੇ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਉਪ ਚੇਅਰਮੈਨ ਸੁਰਿੰਦਰ ਕਲਿਆਣ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ 51 ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ’ਚ ਗਾਇਕ ਰਾਕੇਸ਼ ਰਾਹੀ ਤੇ ਪਵਨ ਦ੍ਰਾਵਿੜ ਨੇ ਬਾਬਾ ਸਾਹਿਬ ਨਾਲ ਸਬੰਧਤ ਗੀਤ ਪੇਸ਼ ਕੀਤੇ। ਗੁਰਦਰਸ਼ਨ ਕੌਰ ਅਤੇ ਪਿਰਮਲ ਸਿੰਘ ਖਾਲਸਾ ਨੇ ਕਿਹਾ ਕਿ ਬਾਬਾ ਸਾਹਿਬ ਨੇ ਜਿੱਥੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦਾ ਜੀਵਨ ਪੱਧਰ ਸੁਧਾਰਨ ਲਈ ਕੰਮ ਕੀਤਾ, ਉੱਥੇ ਹੀ ਸੰਵਿਧਾਨ ਦੀ ਰਚਨਾ ਕਰਦਿਆਂ ਸਭ ਨੂੰ ਬਰਾਬਰ ਦੇ ਹੱਕ ਵੀ ਦਿਵਾਏ। ਇਸ ਮੌਕੇ ਡਾ. ਹਰਬੰਸ ਸਿੰਘ, ਸ਼ਾਂਤਾ ਦੇਵੀ, ਸੁਸ਼ੀਲ ਕੁਮਾਰ ਤੇ ਲਕਸ਼ਮੀ ਦੇਵੀ ਅੰਬਾਲਾ ਨੇ ਬਾਬਾ ਸਾਹਿਬ ਦੀ ਜੀਵਨੀ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਆਪਣਾ ਸਾਰਾ ਜੀਵਨ ਗਰੀਬਾਂ ਦੀ ਭਲਾਈ ਕਰਨ ਲਈ ਲਗਾਇਆ।
ਐੱਸਸੀ ਕਮਿਸ਼ਨ ਪੰਜਾਬ ਦੀ ਮੈਂਬਰ ਪਰਮਜੀਤ ਕੌਰ ਨੇ ਕਿਹਾ ਕਿ ਉਹ ਬਾਬਾ ਸਾਹਿਬ ਵੱਲੋਂ ਦਿਖਾਏ ਮਾਰਗ ’ਤੇ ਚੱਲਦੇ ਹੋਏ ਦਲਿਤਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ। ਪ੍ਰਬੰਧਕਾਂ ਪੂਨਮ ਕਾਂਗੜਾ ਅਤੇ ਦਰਸ਼ਨ ਕਾਂਗੜਾ ਨੇ ਬਾਬਾ ਸਾਹਿਬ ਵੱਲੋਂ ਦਰਸਾਏ ਗਏ ਮਾਰਗ ’ਤੇ ਚੱਲਣ ਦਾ ਸੱਦਾ ਦਿੰਦਿਆਂ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦਰਸ਼ਨ ਕਾਂਗੜਾ ਤੇ ਕਮਲ ਕੁਮਾਰ ਗੋਰਾ ਨੇ ਕੀਤਾ। ਸਮਾਗਮ ’ਚ ਸਮਾਜ ਸੇਵਿਕਾ ਪ੍ਰੀਤੀ ਮਹੰਤ, ਸਾਬਕਾ ਐੱਸਐੱਸਪੀ ਸੁਸ਼ੀਲ ਕੁਮਾਰ, ਸੈਂਟਰਲ ਯੂਨੀਵਰਸਟੀ ਦੇ ਚਾਂਸਲਰ ਡਾ. ਹਰਬੰਸ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਸ਼ਾਂਤਾ ਦੇਵੀ, ਬਲਾਕ ਸਮਿਤੀ ਮਾਹਿਲਪੁਰ (ਹੁਸ਼ਿਆਰਪੁਰ) ਦੇ ਚੇਅਰਮੈਨ ਪਵਨ ਕੁਮਾਰ ਤੇ ਹੋਰ ਕਈ ਸ਼ਖ਼ਸੀਅਤਾਂ ਮੌਜੂਦ ਸਨ।
ਮਹਾਤਮਾ ਫੂਲੇ ਤੇ ਡਾ. ਅੰਬੇਡਕਰ ਦੇ ਜਨਮ ਦਿਨ ਮੌਕੇ ਗੋਸ਼ਟੀ
ਚੰਡੀਗੜ੍ਹ (ਪੱਤਰ ਪ੍ਰੇਰਕ): ਵਿਦਿਆਰਥੀ ਜਥੇਬੰਦੀ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ (ਏਐੱਸਏ) ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਮਹਾਤਮਾ ਫੂਲੇ ਤੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮਦਿਨ ਨੂੰ ਸਮਰਪਿਤ ਵਿਚਾਰ ਗੋਸ਼ਟੀ ਕਰਵਾਈ ਗਈ, ਜਿਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਵਿਦਿਆਰਥੀਆਂ ਨੇ ਭਾਗ ਲਿਆ। ਜਥੇਬੰਦੀ ਵੱਲੋਂ ਇਸ ਮੌਕੇ ‘ਜਾਤ-ਪਾਤ ਦੇ ਬੀਜ-ਨਾਸ਼’ ਵਿਸ਼ੇ ’ਤੇ ਵਿਚਾਰ ਵਟਾਂਦਰਾ ਵੀ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਚੇਅਰਮੈਨ ਗੁਰਦੀਪ ਸਿੰਘ ਅਤੇ ਪ੍ਰਧਾਨ ਬਲਿੰਦਰ ਕੁਮਾਰ ਨੇ ਸਮਾਜ ਵਿੱਚ ਫੈਲੀ ਜਾਤੀ ਪ੍ਰਥਾ ਨੂੰ ਖਤਮ ਕਰਨ ਲਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਉਪਰਾਲੇ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਇਸ ਭੈੜੀ ਪ੍ਰਥਾ ਨੂੰ ਖਤਮ ਕਰਨ ਲਈ ਮਹੱਤਵਪੂਰਨ ਸਥਾਨ ਰੱਖਦੀ ਹੈ। ਇਸ ਮੌਕੇ ਮੁੱਖ ਤੌਰ ’ਤੇ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈ਼ਸਰ ਮਨਜੀਤ ਸਿੰਘ ਉਚੇਚੇ ਤੌਰ ’ਤੇ ਪੁੱਜੇ। ਜਥੇਬੰਦੀ ਵੱਲੋਂ 17 ਅਪਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸੈਮੀਨਾਰ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ।