ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਜੁਲਾਈ
ਅਮਰੀਕਾ ਦੇ ਵਰਮੌਂਟ ਸਟੇਟ ਕਾਲਜਾਂ ਦੇ ਟਰੱਸਟੀਆਂ ਦੇ ਪ੍ਰਬੰਧਕੀ ਬੋਰਡ ਨੇ ਨਵੀਂ ਬਣਾਈ ਵਰਮੌਂਟ ਸਟੇਟ ਯੂਨੀਵਰਸਿਟੀ ਦੇ ਆਰੰਭਕ ਪ੍ਰੈਜ਼ੀਡੈਂਟ (ਵਾਈਸ ਚਾਂਸਲਰ) ਵਜੋਂ ਡਾ. ਪਰਵਿੰਦਰ ਸਿੰਘ ਗਰੇਵਾਲ ਦੀ ਨਿਯੁਕਤੀ ਕੀਤੀ ਹੈ। ਉਨ੍ਹਾਂ ਨੇ ਆਪਣਾ ਅਹੁਦਾ ਪਹਿਲੀ ਜੁਲਾਈ ਨੂੰ ਸੰਭਾਲ ਲਿਆ ਹੈ। ਇਸ ਨਵੀਂ ਯੂਨੀਵਰਸਿਟੀ ਦਾ ਗਠਨ ਕੈਸਲਟਨ ਯੂਨੀਵਰਸਿਟੀ, ਨਾਰਦਰਨ ਵਰਮੌਂਟ ਯੂਨੀਵਰਸਿਟੀ ਅਤੇ ਵਰਮੌਂਟ ਟੈਕਨੀਕਲ ਕਾਲਜ ਨੂੰ ਇਕੱਠਾ ਕਰ ਕੇ ਇੱਕ ਰਾਜ-ਵਿਆਪੀ ਸਮਾਜਿਕ ਜ਼ਿੰਮੇਵਾਰੀ ਵਜੋਂ ਕੀਤਾ ਗਿਆ ਹੈ। ਡਾ. ਗਰੇਵਾਲ ਅਕਾਦਮਿਕ ਸੈਸ਼ਨ 2022-23 ਦੌਰਾਨ ਇਨ੍ਹਾਂ ਤਿੰਨਾਂ ’ਵਰਸਿਟੀਆਂ ਦੇ ਵਾਈਸ ਚਾਂਸਲਰ ਦੀ ਜ਼ਿੰਮੇਵਾਰੀ ਨਿਭਾਉਣਗੇ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਧਰੌੜ ਵਿੱਚ ਜਨਮੇ ਡਾ. ਗਰੇਵਾਲ ਨੇ ਬੀਐਸਸੀ ਆਨਰਜ਼ ਇਨ ਐਗਰੀਕਲਚਰ ਅਤੇ ਐਸਐਸੀ ਇਨ ਪਲਾਂਟ ਪੈਥਾਲੋਜੀ, ਪੀਏਯੂ, ਲੁਧਿਆਣਾ ਤੋਂ ਕੀਤੀ। ਦੋ ਸਾਲ ਵਿਗਿਆਨ ਦੇ ਤੌਰ ’ਤੇ ਨੈਸ਼ਨਲ ਸੈਂਟਰ ਫਾਰ ਮਸ਼ਰੂਮ ਰਿਸਰਚ ਸੈਂਟਰ ਐਂਡ ਟ੍ਰੇਨਿੰਗ, ਸੋਲਨ (ਹਿਮਾਚਲ ਪ੍ਰਦੇਸ਼) ਕੰਮ ਕਰਨ ਉਪਰੰਤ ਉਹ ਰੌਇਲ ਕਮਿਸ਼ਨ ਆਫ ਲੰਡਨ ਦੇ ਫੈਲੋਸ਼ਿਪ ’ਤੇ ਪੀਐੱਚਡੀ ਕਰਨ ਇੰਗਲੈਂਡ ਚਲੇ ਗਏ। ਉਨ੍ਹਾਂ ਨੇ ਇੰਪੀਰੀਅਲ ਕਾਲਜ ਆਫ ਲੰਡਨ ਤੋਂ ਜੁਆਲੋਜੀ ਵਿੱਚ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ। ਇਸ ਉਪਰੰਤ ਉਨ੍ਹਾਂ ਨੇ ਅਮਰੀਕਾ ਜਾ ਕੇ ਨਿਊ ਜਰਸੀ ਸਥਿਤ ਰੁਟਜਰਜ ਯੂਨੀਵਰਸਿਟੀ ਵਿੱਚ ਦੋ ਸਾਲ ਦੀ ਪੋਸਟ-ਡਾਕਟਰੇਟ ਟ੍ਰੇਨਿੰਗ ਲਈ। ਇਸ ਤੋਂ ਬਾਅਦ ਉਨ੍ਹਾਂ ਕਈ ਯੂਨੀਵਰਸਿਟੀਆਂ ਵਿੱਚ ਕੰਮ ਕੀਤਾ। ਡਾ. ਗਰੇਵਾਲ ਵਿਸ਼ਵ ਪ੍ਰਸਿੱਧ ਨੇਮਾਟਾਲੋਜਿਸਟ ਹਨ। ਇਸ ਤੋਂ ਬਿਨਾਂ ਇੱਕ ਪੁਸਤਕ ਦੀ ਸੰਪਾਦਨਾ, 25 ਪੁਸਤਕਾਂ ਦੇ ਚੈਪਟਰ, 200 ਤੋਂ ਵਧੇਰੇ ਮੌਲਿਕ ਖੋਜ-ਪੱਤਰ ਪ੍ਰਕਾਸ਼ਤ ਕੀਤੇ। 11 ਰੀਵੀਊ ਲੇਖ ਅਤੇ 6 ਇਜ਼ਹਾਰੀ ਕਾਢਾਂ, ਜਿਨ੍ਹਾਂ ਵਿੱਚੋਂ ਤਿੰਨ ਪੇਟੈਂਟ ਹੋਏ।