ਖੇਤਰੀ ਪ੍ਰਤੀਨਿਧ
ਪਟਿਆਲਾ, 3 ਦਸੰਬਰ
ਪੰਜਾਬੀ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵਿਚ ਦੇਖਣ ਤੋਂ ਅਸਮਰੱਥ ਹੋਣ ਦੇ ਬਾਵਜੂਦ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਡਾ. ਕਿਰਨ ਨੂੰ ’ਵਰਸਿਟੀ ਵਿਚ ਸਥਾਪਿਤ ਕੀਤੇ ਜਾ ਰਹੇ ‘ਸੈਂਟਰ ਫ਼ੌਰ ਡਿਸੇਬਿਲਿਟੀ ਸਟੱਡੀਜ਼’ ਦੇ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਹ ਦਾ ਐਲਾਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਅੱਜ ਕੌਮਾਂਤਰੀ ਅਪੰਗਤਾ ਦਿਵਸ ਦੇ ਮੌਕੇ ’ਤੇ ਕਰਵਾਏ ਵਿਸ਼ੇਸ਼ ਪ੍ਰੋਗਰਾਮ ਦੌਰਾਨ ਕੀਤਾ। ਇਹ ਕੇਂਦਰ ਦਿਵਿਆਂਗ ਬੱਚਿਆਂ ਦੇ ਉਚੇਰੀ ਸਿੱਖਿਆ ਪ੍ਰਾਪਤੀ ਦੇ ਸੁਫ਼ਨਿਆਂ ਦੀ ਪੂਰਤੀ ਲਈ ਕਾਰਜ ਕਰੇਗਾ। ਇਸ ਕੇਂਦਰ ਦੀ ਸਥਾਪਨਾ ਪੰਜਾਬ ਸਰਕਾਰ ਦੇ ‘ਡਿਪਾਰਟਮੈਂਟ ਆਫ ਸੋਸ਼ਲ ਸਕਿਓਰਿਟੀ, ਵਿਮੈਨ ਐਂਡ ਚਾਈਲਡ ਡਿਵੈਲਪਮੈਂਟ’ ਵੱਲੋਂ ਜਾਰੀ ਗਰਾਂਟ ਨਾਲ ਹੋ ਰਹੀ ਹੈ।ਡਾ. ਕਿਰਨ ਨੇ ਦੱਸਿਆ ਕਿ ਮਹਿਜ਼ 19 ਸਾਲ ਦੀ ਉਮਰ ਵਿੱਚ ਦਿਮਾਗ਼ੀ ਬੁਖ਼ਾਰ ਹੋਣ ਕਾਰਨ ਉਨ੍ਹਾਂ ਦੀ ਅੱਖਾਂ ਦੀ ਜੋਤ ਚਲੀ ਗਈ ਸੀ। ਉਨ੍ਹਾਂ ਨੇ ਆਖਿਆ ਕਿ ਮੁਸ਼ਕਿਲਾਂ ਵੱਡੀਆਂ ਹੋ ਸਕਦੀਆਂ ਹਨ, ਪਰ ਹੌਸਲੇ ਤੋਂ ਵੱਡੀਆਂ ਨਹੀਂ ਹੋ ਸਕਦੀਆਂ। ਪੰਜਾਬ ਸਟੇਟ ਤੇ ਨੈਸ਼ਨਲ ਐਵਾਰਡ ਜਿਹੇ ਵੱਕਾਰੀ ਐਵਾਰਡ ਉਨ੍ਹਾਂ ਦੀ ਝੋਲ਼ੀ ਪੈ ਚੁੱਕੇ ਹਨ। ਇਸ ਸਮੇਂ ਉਹ ਸਰਕਾਰ ਦੀ ‘ਸਟੇਟ ਐਡਵਾਈਜ਼ਰੀ ਬੋਰਡ ਆਨ ਡਿਸੇਬਿਲਿਟੀ’ ਦੇ ਵੀ ਮੈਂਬਰ ਹਨ। ਪ੍ਰੋਗਰਾਮ ਵਿਚ ਪੁੱਜੇ ਡਿਪਟੀ ਕਮਿਸ਼ਨਰ ਸੰਦੀਪ ਹਾਂਸ ਨੇ ਕਿਹਾ ਕਿ ਪਰਮਾਤਮਾ ਜਦੋਂ ਸਾਨੂੰ ਕਿਸੇ ਇਕ ਚੀਜ਼ ਤੋਂ ਵਾਂਝਾ ਰਖਦਾ ਹੈ, ਤਾਂ ਉਹ ਇਸ ਦੇ ਬਦਲ ਵਿੱਚ ਲਾਜ਼ਮੀ ਤੌਰ ’ਤੇ ਕੁੱਝ ਹੋਰ ਗੁਣ ਦਿੰਦਾ ਹੈ। ਇਸ ਪ੍ਰੋਗਰਾਮ ਵਿਚ ਬਰੇਲ ਰੀਡਿੰਗ ਐਂਡ ਰਾਈਟਿੰਗ ਦੇ ਵਿਸ਼ੇਸ਼ ਮੁਕਾਬਲੇ ਵੀ ਕਰਵਾਏ ਗਏ।