ਲੁਧਿਆਣਾ (ਖੇਤਰੀ ਪ੍ਰਤੀਨਿਧ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਚੀਫ਼ ਸੈਕਟਰੀ ਪੰਜਾਬ ਨੂੰ ਪੱਤਰ ਲਿਖ ਕੇ ਘਰੇਲੂ ਕਾਰਨਾਂ ਕਰਕੇ ਕਾਰਜਕਾਲ ਵਿੱਚ ਵਾਧਾ ਲੈਣ ਤੋਂ ਨਾਂਹ ਕਰ ਦਿੱਤੀ ਹੈ। ਬੀਤੇ ਦਿਨ ਪ੍ਰਬੰਧਕੀ ਬੋਰਡ ਦੀ ਮੀਟਿੰਗ ਦੌਰਾਨ ਉਨ੍ਹਾਂ ਦੇ ਕਾਰਜਕਾਲ ’ਚ ਵਾਧੇ ਦਾ ਫ਼ੈਸਲਾ ਲਿਆ ਗਿਆ ਸੀ। 2011 ’ਚ ਵੀਸੀ ਬਣੇ ਡਾ. ਬਲਦੇਵ ਸਿੰਘ ਢਿੱਲੋਂ ਨੇ ਅੱਜ ਚੀਫ਼ ਸੈਕਟਰੀ ਪੰਜਾਬ ਨੂੰ ਪੱਤਰ ’ਚ ਲਿਖਿਆ, ‘ਉਨ੍ਹਾਂ ਨੂੰ ਮੀਡੀਆ ਰਾਹੀਂ ਪਤਾ ਲੱਗਾ ਸੀ ਕਿ 29 ਜੂਨ ਨੂੰ ਪੀਏਯੂ ਦੀ ਪ੍ਰਬੰਧਕੀ ਬੋਰਡ ਦੀ ਹੋਈ ਮੀਟਿੰਗ ’ਚ ਪੰਜਾਬ ਦੇ ਚੀਫ਼ ਸੈਕਟਰੀ ਦੀ ਹਾਜ਼ਰੀ ਦੌਰਾਨ ਵੀਸੀ ਵਜੋਂ ਮੇਰੇ ਕਾਰਜਕਾਲ ’ਚ ਵਾਧੇ ਦਾ ਫ਼ੈਸਲਾ ਲਿਆ ਗਿਆ ਹੈ। ਪਰ ਘਰੇਲੂ ਕਾਰਨਾਂ ਕਰਕੇ ਉਹ ਇਹ ਜ਼ਿੰਮੇਵਾਰੀ ਨਹੀਂ ਨਿਭਾਅ ਸਕਦੇ।’