ਪੱਤਰ ਪ੍ਰੇਰਕ
ਬਸੀ ਪਠਾਣਾਂ, 12 ਦਸੰਬਰ
ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਛੋਟੇ ਭਰਾ ਡਾ. ਮਨੋਹਰ ਸਿੰਘ ਨੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਡਾ. ਮਨੋਹਰ ਸਿੰਘ ਨੇ ਅੱਜ ਇੱਥੇ ਸਮਾਜ ਸੇਵੀ ਸੰਸਥਾ ‘ਸਾਡੀ ਸਾਂਝ’ ਦੇ ਬੈਨਰ ਹੇਠ ਰੈਲੀ ਕਰਕੇ ਜਿੱਥੇ ਸ਼ਕਤੀ ਪ੍ਰਦਰਸ਼ਨ ਕੀਤਾ, ਉੱਥੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਤੇ ਹਲਕੇ ਦਾ ਵਿਕਾਸ ਨਾ ਕਰਵਾਉਣ ਦੇ ਦੋਸ਼ ਲਾਉਂਦੇ ਹੋਏ ਬਸੀ ਪਠਾਣਾਂ ਹਲਕੇ ਤੋਂ ਆਪਣੀ ਦਾਅਵੇਦਾਰੀ ਵੀ ਪੇਸ਼ ਕੀਤੀ। ਬਸੀ ਪਠਾਣਾਂ ਦੀ ਪੁਰਾਣੀ ਅਨਾਜ ਮੰਡੀ ਵਿੱਚ ਹੋਏ ਇਕੱਠ ਦੌਰਾਨ ਕੌਰ ਸਿਘ, ਜਗਤਾਰ ਸਿੰਘ ਮੈੜਾਂ, ਜਸਵੀਰ ਸਿੰਘ ਕਜੱਲਮਾਜਰਾ, ਸੁਖਪ੍ਰੀਤ ਸਿੰਘ, ਦਰਸ਼ਨ ਸਿੰਘ ਮਾਵੀ, ਜਸਵੀਰ ਸਿੰਘ ਰੁਪਾਲਹੇੜੀ, ਭੁਪਿੰਦਰ ਸਿੰਘ ਕੁਲਵੀਰ ਸਿੰਘ ਸ਼ੇਰਗੱੜ ਬਾੜਾ, ਲਖਬੀਰ ਸਿੰਘ ਲੱਖੀ, ਬਲਵੀਰ ਸਿੰਘ ਬਸੀ ਪਠਾਣਾਂ, ਹਰਭਜਨ ਸਿੰਘ ਜੱਲੋਵਾਲ ਅਤੇ ਟੀ.ਪੀ.ਸਿੰਘ ਆਦਿ ਵੀ ਮੌਜੂਦ ਸਨ। ਡਾ. ਮਨੋਹਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ, ਜੋ ਚੋਣਾਂ ਦੌਰਾਨ ਕਾਂਗਰਸ ਵਿੱਚ ਸ਼ਾਮਲ ਹੋ ਜਾਣਗੇ। ਇਸ ਮੌਕੇ ਸਹਿਰ ਦੇ ਦੋ ਕਾਂਗਰਸੀ ਆਗੂਆਂ ਰਮੇਸ਼ ਕੁਮਾਰ ਜੀ.ਕੇ. ਅਤੇ ਪਾਲ ਸਿੰਘ ਨੇ ਡਾ. ਮਨੋਹਰ ਸਿੰਘ ਦੀ ਹਮਾਇਤ ਦਾ ਐਲਾਨ ਕੀਤਾ।