ਪੱਤਰ ਪ੍ਰੇਰਕ
ਚੰਡੀਗੜ੍ਹ, 7 ਸਤੰਬਰ
ਪੰਜਾਬ ਭਰ ਦੀਆਂ ਲਗਪਗ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਅਤੇ ਮਸਲਿਆਂ ਸਬੰਧੀ ਅੱਜ ਯੂਨੀਅਨ ਦੇ ਵਫ਼ਦ ਵੱਲੋਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਡਾ. ਬਲਜੀਤ ਕੌਰ ਨਾਲ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਦਫ਼ਤਰ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਤੋਂ ਇਲਾਵਾ ਡਾਇਰੈਕਟਰ ਅਰਵਿੰਦਰ ਪਾਲ ਸਿੰਘ ਸੰਧੂ ਤੇ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ ਵੀ ਮੌਜੂਦ ਸਨ। ਯੂਨੀਅਨ ਪ੍ਰਧਾਨ ਹਰਗੋਬਿੰਦ ਕੌਰ, ਸੂਬਾ ਦਫ਼ਤਰ ਸਕੱਤਰ ਛਿੰਦਰਪਾਲ ਕੌਰ ਥਾਂਦੇਵਾਲਾ ਅਤੇ ਜਨਰਲ ਸਕੱਤਰ ਗੁਰਮੀਤ ਕੌਰ ਗੋਨੇਆਣਾ ਨੇ ਦੱਸਿਆ ਕਿ ਮੰਗਾਂ ਪ੍ਰਤੀ ਮੰਤਰੀ ਦਾ ਹਾਂ-ਪੱਖੀ ਹੁੰਗਾਰਾ ਰਿਹਾ। ਮੰਤਰੀ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਪਹਿਲਾਂ ਹੈਲਪਰਾਂ ਦੀਆਂ ਤਰੱਕੀਆਂ ਕੀਤੀਆਂ ਜਾਣਗੀਆਂ, ਆਸ਼ਰਿਤਾਂ ਵਾਲੀਆਂ ਸੀਟਾਂ ਭਰੀਆਂ ਜਾਣਗੀਆਂ ਤੇ ਫਿਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਕੀਤੀ ਜਾਵੇਗੀ। ਆਂਗਣਵਾੜੀ ਸੈਂਟਰਾਂ ਦੇ 2014 ਤੋਂ ਖੋਹੇ ਹੋਏ ਬੱਚੇ ਵਾਪਸ ਕਰਨ ਅਤੇ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦੇਣ ਬਾਰੇ ਮੰਤਰੀ ਨੇ ਸਿੱਖਿਆ ਵਿਭਾਗ ਨਾਲ ਗੱਲਬਾਤ ਕਰਨ ਦਾ ਭਰੋਸਾ ਦਿਵਾਇਆ। ਇਸ ਤੋਂ ਇਲਾਵਾ ਸੀਡੀਪੀਓ ਦੀਆਂ ਖਾਲੀ ਪਈਆਂ ਅਸਾਮੀਆਂ ਵਾਲੇ ਬਲਾਕਾਂ ਵਿੱਚ ਜਲਦੀ ਹੀ ਡੀਡੀਓ ਪਾਵਰਾਂ ਦਿੱਤੇ ਜਾਣ ਦਾ ਵੀ ਭਰੋਸਾ ਮਿਲਿਆ। ਇਸ ਤੋਂ ਇਲਾਵਾ ਮੰਤਰੀ ਨਾਲ ਜਦੋਂ ਮਾਣ ਭੱਤਾ ਵਧਾਉਣ ਸਬੰਧੀ ਵਾਅਦੇ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਣ ਭੱਤਾ ਵਧਾਉਣ ਲਈ ਹਾਲੇ ਕੁਝ ਚਿਰ ਇੰਤਜ਼ਾਰ ਕਰਨਾ ਹੋਵੇਗਾ।