ਪੱਤਰ ਪ੍ਰੇਰਕ
ਅਮਲੋਹ, 15 ਅਪਰੈਲ
ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ 131ਵੇਂ ਜਨਮ ਦਿਵਸ ਨੂੰ ਸਮਰਪਿਤ ਪਿਛਲੇ ਸਾਲ ਬੱਸ ਸਟੈਂਡ ਅਮਲੋਹ ਵਿਖੇ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਦੇ ਯਤਨਾਂ ਸਦਕਾ ਸਥਾਪਿਤ ਕੀਤੇ ਗਏ ਬੁੱਤ ਦਾ ਦੂਜਾ ਸਥਾਪਨਾ ਦਿਵਸ ਮਨਾਇਆ ਗਿਆ। ਕਾਂਗਰਸ ਦੇ ਬਲਾਕ ਪ੍ਰਧਾਨ ਸਰਪੰਚ ਜਗਵੀਰ ਸਿੰਘ ਸਲਾਣਾ ਅਤੇ ਹਲਕੇ ਦੇ ਕਾਨੂੰਨੀ ਸਲਾਹਕਾਰ ਬਲਜਿੰਦਰ ਸਿੰਘ ਭੱਟੋਂ ਨੇ ਡਾ. ਅੰਬੇਦਕਰ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਮੁੱਲਾਂਪੁਰ ਗ਼ਰੀਬਦਾਸ (ਪੱਤਰ ਪ੍ਰੇਰਕ): ਫੈਨ ਅੰਬੇਡਕਰ ਗਰੁੱਪ ਪਿੰਡ ਮੁੱਲਾਂਪੁਰ ਗ਼ਰੀਬਦਾਸ ਵੱਲੋਂ ਡਾ. ਬੀਆਰ ਅੰਬੇਡਕਰ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿੱਚ ਕਰਵਾਇਆ ਗਿਆ।
ਖਰੜ (ਪੱਤਰ ਪ੍ਰੇਰਕ): ਇੱਥੋਂ ਦੇ ਵਾਰਡ ਨੰਬਰ 21 ਦੇ ਭਗਵਾਨ ਮਹਾਰਿਸ਼ੀ ਵਾਲਮੀਕਿ ਮੰਦਰ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ 131ਵਾਂ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਵਿਧਾਇਕਾ ਅਨਮੋਲ ਗਗਨ ਮਾਨ ਦੇ ਪਿਤਾ ਜੋਰਾ ਸਿੰਘ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਲਾਲੜੂ (ਪੱਤਰ ਪ੍ਰੇਰਕ): ਇੱਥੋਂ ਦੀ ਸਫਾਈ ਕਰਮਚਾਰੀ ਫੈਡਰੇਸ਼ਨ ਅਤੇ ਡਾ. ਭੀਮ ਰਾਓ ਅੰਬੇਡਕਰ ਸੇਵਾ ਸੁਸਾਇਟੀ ਵੱਲੋਂ ਡਾ. ਬੀਆਰ ਅੰਬੇਦਕਰ ਦਾ ਜਨਮ ਦਿਨ ਧੂਮ-ਧਾਮ ਨਾਲ ਮਨਾਇਆ ਗਿਆ।
ਭਾਸ਼ਣ ਮੁਕਾਬਲੇ ਕਰਵਾਏ
ਬਨੂੜ (ਪੱਤਰ ਪ੍ਰੇਰਕ): ਸਰਕਾਰੀ ਹਾਈ ਸਕੂਲ ਕਰਾਲਾ ਵਿਖੇ ਡਾ. ਅੰਬੇਦਕਰ ਯੂਥ ਕਲੱਬ ਵੱਲੋਂ ਭਾਰਤੀ ਸਵਿਧਾਨ ਦੇ ਘਾੜੇ ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਮਨਾਇਆ ਗਿਆ। ਸਕੂਲੀ ਵਿਦਿਆਰਥੀਆਂ ਦੇ ਭਾਸ਼ਣ ਅਤੇ ਸੁੰਦਰ ਲੇਖ ਮੁਕਾਬਲੇ ਵੀ ਕਰਵਾਏ ਗਏ। ਜਿਸ ਦੇ ਜੇਤੂ ਰਹੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਗੁਰਦੀਪ ਸਿੰਘ, ਐੱਸਐੱਮਸੀ ਕਮੇਟੀ ਦੇ ਚੇਅਰਮੈਨ ਪ੍ਰਦੀਪ ਕੁਮਾਰ, ਦੀਦਾਰ ਸਿੰਘ ਬਨੂੜ, ਸਮਾਜ ਸੇਵੀ ਜਗਤਾਰ ਸਿੰਘ ਜੱਗੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਕੂਲ ਦੀ ਮੁੱਖ ਅਧਿਆਪਕਾ ਪ੍ਰੇਰਨਾ ਛਾਬੜਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ।