ਟਿ੍ਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਨਵੰਬਰ
ਪੰਜਾਬ ਸਰਕਾਰ ਵੱਲੋਂ ਡੀਏਪੀ ਖਾਦ ਦੀ ਜਮ੍ਹਾਂਖੋਰੀ, ਕੀਮਤ ਤੋਂ ਵੱਧ ਵਸੂਲੀ ਅਤੇ ਕਾਲਾਬਾਜ਼ਾਰੀ ਨੂੰ ਲੈ ਕੇ ਖਾਦ ਡੀਲਰਾਂ ‘ਤੇ ਕਰੀਬ ਇੱਕ ਦਰਜਨ ਪੁਲੀਸ ਕੇਸ ਦਰਜ ਕਰਾਏ ਗਏ ਹਨ |
ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਦੱਸਿਆ ਕਿ ਮੈਸਰਜ਼ ਮੰਡ ਖਾਦ ਸਟੋਰ, ਪਿੰਡ ਦਕੋਹਾ, ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ, ਮੈਸਰਜ਼ ਸਿੱਧੂ ਖੇਤੀ ਸਟੋਰ, ਪਿੰਡ ਦਕੋਹਾ, ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ (ਜ਼ਿਲ੍ਹਾ ਗੁਰਦਾਸਪੁਰ), ਮੈਸਰਜ਼ ਰਣਜੀਤ ਪੈਸਟੀਸਾਈਡਜ਼, ਪਿੰਡ ਸੰਗੋਵਾਲ, ਬਲਾਕ ਨਕੋਦਰ (ਜਲੰਧਰ) ਵਿਰੁੱਧ ਵੱਧ ਕੀਮਤ ਵਸੂਲਣ ਦੇ ਦੋਸ਼ ਅਧੀਨ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਇਹਨਾਂ ਫਰਮਾਂ ਦੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ |
ਇਸੇ ਤਰ੍ਹਾਂ ਖੇਤੀ ਮਹਿਕਮੇ ਨੇ ਮੈਸਰਜ਼ ਵਿਕਟਰੀ ਬਾਇਓਟੈਕ ਪ੍ਰਾਈਵੇਟ ਲਿਮਟਿਡ, ਬਲਾਕ ਸਰਦੂਲਗੜ੍ਹ (ਮਾਨਸਾ) ਵਿਰੁੱਧ ਕਥਿਤ ਤੌਰ ‘ਤੇ ਗਲਤ ਬ੍ਰਾਂਡ ਵਾਲੀ ਡੀ.ਏ.ਪੀ. ਦੀ ਵਿਕਰੀ ਕਰਨ ਲਈ ਕੇਸ ਦਰਜ ਕੀਤਾ ਹੈ। ਮੈਸਰਜ਼ ਰਾਮ ਮੂਰਤੀ ਗੁਪਤਾ ਐਂਡ ਸੰਨਜ਼ ਫਿਲੌਰ (ਜਲੰਧਰ) ਵਿਰੁੱਧ ਕਥਿਤ ਤੌਰ ‘ਤੇ ਉਦਯੋਗਿਕ ਉਦੇਸ਼ਾਂ ਲਈ ਸਬਸਿਡੀ ਵਾਲੇ ਯੂਰੀਆ ਦੀ ਵਰਤੋਂ ਦੇ ਦੋਸ਼ ਵਿਚ ਐਫਆਈਆਰ ਦਰਜ ਕੀਤੀ ਗਈ ਹੈ|
ਖੇਤੀ ਮੰਤਰੀ ਨਾਭਾ ਨੇ ਦੱਸਿਆ ਕਿ ਮੈਸਰਜ਼ ਥੂਹਾ ਪੈਸਟੀਸਾਈਡਜ਼ ਐਂਡ ਸੀਡ ਸਟੋਰ, ਜ਼ੀਰਕਪੁਰ (ਐਸ.ਏ.ਐਸ. ਨਗਰ) ਨੂੰ ਕਥਿਤ ਤੌਰ ‘ਤੇ ਡੀਏਪੀ ਨਾਲ ਹੋਰ ਉਤਪਾਦਾਂ ਦੀ ਟੈਗਿੰਗ ਕਰਨ ਵਿੱਚ ਸ਼ਾਮਲ ਪਾਇਆ ਗਿਆ ਅਤੇ ਫਰਮ ਵਿਰੁੱਧ ਐਫਆਈਆਰ ਦਰਜ ਕਰਕੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਮੈਸਰਜ਼ ਚੁੱਘ ਖਾਦ ਭੰਡਾਰ, ਜਲਾਲਾਬਾਦ, ਮੈਸਰਜ਼ ਚੁੱਘ ਟ੍ਰੇਡਿੰਗ ਕੰਪਨੀ, ਜਲਾਲਾਬਾਦ, ਮੈਸਰਜ਼ ਚੁੱਘ ਖਾਦ ਸਟੋਰ, ਜਲਾਲਾਬਾਦ, ਮੈਸਰਜ਼ ਭਾਟਾ ਕੋ-ਆਪ੍ਰੇਟਿਵ ਫਰੂਟ ਐਂਡ ਵੈਜੀਟੇਬਲ ਪ੍ਰੋਸੈਸਿੰਗ ਸਭਾ, ਜਲਾਲਾਬਾਦ ਅਤੇ ਮੈਸਰਜ਼ ਅਜੈ ਟਰੇਡਿੰਗ ਕੰਪਨੀ, ਜਲਾਲਾਬਾਦ ਨੂੰ ਕਥਿਤ ਤੌਰ ‘ਤੇ ਜਮ੍ਹਾਂਖੋਰੀ ਵਿੱਚ ਸ਼ਾਮਲ ਪਾਇਆ ਗਿਆ ਹੈ| ਇਨ੍ਹਾਂ ਫਰਮਾਂ ਵਿਰੁੱਧ ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ | ਇਸ ਤੋਂ ਇਲਾਵਾ ਮੈਸਰਜ਼ ਜਿੰਦਲ ਏਜੰਸੀ ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ) ਵੱਲੋਂ ਵੀ ਅਣ-ਅਧਿਕਾਰਤ ਵਿਕਰੀ ਪੁਆਇੰਟ ਤੋਂ ਖਾਦ ਦੀ ਵਿਕਰੀ ਕੀਤੀ ਗਈ ਹੈ | ਇਸ ਲਈ ਫਰਮ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ | ਉਨ੍ਹਾਂ ਅੱਗੇ ਕਿਹਾ ਕਿ ਡੀ.ਏ.ਪੀ. ਦੀ ਜਮ੍ਹਾਂਖੋਰੀ/ਕਾਲਾਬਾਜ਼ਾਰੀ ਵਿਰੁੱਧ ਕਾਰਵਾਈ ਨਾ ਕਰਨ ਵਾਲੇ ਪਟਿਆਲਾ ਦੇ ਖੇਤੀਬਾੜੀ ਅਫਸਰ ਵਿਰੁੱਧ ਵੀ ਪ੍ਰਸ਼ਾਸਨਿਕ ਕਾਰਵਾਈ ਆਰੰਭੀ ਗਈ ਹੈ |
ਕਿਸਾਨ ਜਥੇਬੰਦੀਆਂ ਦੇ ਵਫ਼ਦ ਵੱਲੋਂ ਚੰਨੀ ਨਾਲ ਮੁਲਾਕਾਤ ਭਲਕੇ
ਚੰਡੀਗੜ੍ਹ: ਪੰਜਾਬ ਦੀਆਂ 32 ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਦਾ ਇੱਕ ਵਫ਼ਦ 17 ਨਵੰਬਰ ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੇਗਾ। ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ ਮੰਗਾਂ ਵਿੱਚ ਡੀਏਪੀ ਦੀ ਢੁਕਵੀਂ ਅਤੇ ਸਮੇਂ ਸਿਰ ਸਪਲਾਈ, ਝੋਨੇ ਦੀ ਖ਼ਰੀਦ, ਫਿਰੋਜ਼ਪੁਰ ਘਟਨਾ ਵਿੱਚ ਸ਼ਾਮਲ ਅਕਾਲੀ ਆਗੂਆਂ ਦੀ ਗ੍ਰਿਫ਼ਤਾਰੀ, ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਵਾਰਿਸਾਂ ਨੂੰ ਮੁਆਵਜ਼ੇ ਦੀ ਜਲਦੀ ਅਤੇ ਤੁਰੰਤ ਅਦਾਇਗੀ ਅਤੇ ਰੁਜ਼ਗਾਰ ਦਾ ਪ੍ਰਬੰਧ ਆਦਿ ਸ਼ਾਮਲ ਹਨ।