ਗੁਰਨਾਮ ਸਿੰਘ ਚੌਹਾਨ
ਪਾਤੜਾਂ 7 ਜੁਲਾਈ
ਵਿਧਾਨ ਸਭਾ ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਨਿੱਜੀ ਸਹਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਥੇਬੰਦਕ ਸਕੱਤਰ ਗੁਰਸੇਵਕ ਸਿੰਘ ਧੂਹੜ ਵੱਲੋਂ ਕਰੀਬ ਸਵਾ ਮਹੀਨਾ ਪਹਿਲਾਂ ਕੀਤੀ ਗਈ ਖੁਦਕੁਸ਼ੀ ਮਗਰੋਂ ਐਤਵਾਰ ਨੂੰ ਉਸ ਦੀ ਪਤਨੀ ਦੀ ਸਲਫਾਸ ਨਿਗਲਣ ਕਾਰਨ ਮੌਤ ਹੋ ਗਈ ਸੀ। ਇਸ ਪਿੱਛੋਂ ਅੱਜ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਦਰਜ ਕੀਤੇ ਗਏ ਕੇਸ ਦਾ ਸਦਮਾ ਨਾ ਸਹਾਰਦੇ ਹੋਏ ਸਵਰਗੀ ਧੂਹੜ ਦੇ ਪਿਤਾ ਨੇ ਵੀ ਅੱਜ ਪ੍ਰਾਣ ਤਿਆਗ ਦਿੱਤੇ ਹਨ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਅੱਜ ਡੀਐੱਸਪੀ ਦਫ਼ਤਰ ਪਾਤੜਾਂ ਸਾਹਮਣੇ ਸੰਕੇਤਕ ਧਰਨਾ ਦਿੰਦਿਆਂ ਕੇਸ ਨੂੰ ਤੁਰੰਤ ਰੱਦ ਕਰਨ ਦੇ ਨਾਲ ਨਾਲ ਦੋਹਰੇ ਖੁਦਕੁਸ਼ੀ ਕਾਂਡ ਦੀ ਡੂੰਘਾਈ ਨਾਲ ਪੜਤਾਲ ਕਰਨ ਦੀ ਮੰਗ ਕੀਤੀ ਹੈ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮਲ ਸਿੰਘ ਹਰਿਆਊ ਨੇ ਕਿਹਾ ਕਿ ਮਰਹੂਮ ਅਕਾਲੀ ਆਗੂ ਗੁਰਸੇਵਕ ਸਿੰਘ ਅਤੇ ਉਸ ਦੀ ਪਤਨੀ ਜਸਦੀਪ ਕੌਰ ਦੀ ਹੋਈ ਮੌਤ ਬਾਰੇ ਬਿਨਾਂ ਡੂੰਘੀ ਜਾਂਚ ਕੀਤਿਆਂ ਪੁਲੀਸ ਨੇ ਅਕਾਲੀ ਆਗੂ ਦੀ ਮਾਤਾ, ਵੱਡੇ ਭਰਾ, ਪਿੰਡ ਦੇ ਪੰਚਾਇਤ ਮੈਂਬਰ ਅਤੇ ਸਾਬਕਾ ਵਿਧਾਇਕਾ ਦੇ ਪਤੀ ਖ਼ਿਲਾਫ਼ ਕੇਸ ਦਰਜ ਕਰ ਦਿੱਤਾ। ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਨੇ ਕਿਹਾ ਕਿ ਗੁਰਸੇਵਕ ਸਿੰਘ ਧੂਹੜ ਦੀ ਮੌਤ ਨੂੰ ਖੁਦਕੁਸ਼ੀ ਕਰਾਰ ਦਿੱਤਾ ਗਿਆ ਹੈ ਜਦਕਿ ਸੋਚੀ ਸਮਝੀ ਸਾਜਿਸ਼ ਤਹਿਤ ਉਸ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਸਦੀਪ ਕੌਰ ਦੇ ਪ੍ਰੇਮ ਸਬੰਧਾਂ ਕਰਕੇ ਉਸ ਦੇ ਪਤੀ ਦੀ ਮੌਤ ਹੋਈ ਹੈ ਪਰ ਸੱਤਾਧਾਰੀ ਧਿਰ ਨੇ ਇਸ ਨੂੰ ਰਾਜਸੀ ਰੰਗਤ ਦੇ ਕੇ ਉਸ ਦੀ ਬਜ਼ੁਰਗ ਮਾਤਾ ਗੁਰਮੇਲ ਕੌਰ, ਭਰਾ ਰਾਮਫਲ ਸਿੰਘ ਸਮੇਤ ਉਸ ਦੇ ਪਤੀ ਕਰਨ ਸਿੰਘ ਅਤੇ ਪਿੰਡ ਦੇ ਪੰਚਾਇਤ ਮੈਂਬਰ ਲਾਲਾ ਸਿੰਘ ਯਾਦਵ ਵਿਰੁੱਧ ਕਤਲ ਦਾ ਪਰਚਾ ਦਰਜ ਕਰਕੇ ਰਾਜਸੀ ਕਿੜ ਕੱਢਣ ਦੇ ਯਤਨ ਕੀਤੇ ਹਨ। ਇਸ ਦੌਰਾਨ ਅਕਾਲੀ ਵਰਕਰਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਪੁਲੀਸ ਝੂਠੇ ਕੇਸ ਵਾਪਸ ਨਹੀਂ ਲੈ ਲੈਂਦੀ ਤੇ ਗੁਰਸੇਵਕ ਸਿੰਘ ਧੂਹੜ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੀ, ਉਦੋਂ ਤੱਕ ਉਹ ਈਸ਼ਰ ਸਿੰਘ ਦਾ ਸਸਕਾਰ ਨਹੀਂ ਹੋਣ ਦੇਣਗੇ।