ਗੁਰਬਖਸ਼ਪੁਰੀ
ਤਰਨ ਤਾਰਨ, 19 ਸਤੰਬਰ
ਖੇਤੀ ਬਿੱਲਾਂ ਵਿਚ ਮੰਡੀਕਰਨ ਨੂੰ ਕਮਜ਼ੋਰ ਕੀਤੇ ਜਾਣ ਦੇ ਖ਼ਦਸ਼ਿਆਂ ਕਾਰਨ ਫ਼ਿਕਰਮੰਦ ਕਿਸਾਨ ਹੁਣ ਵਾਤਾਵਰਨ ’ਚ ਆਏ ਵਿਗਾੜ ਦੀ ਮਾਰ ਵੀ ਝੱਲਣ ਲਈ ਮਜਬੂਰ ਹਨ। ਮੰਡੀ ਵਿੱਚ ਆ ਰਹੀ ਝੋਨੇ ਦੀ ਕਿਸਮ-1509 ਦਾ ਪਿਛਲੇ ਸਾਲ 2700 ਰੁਪਏ ਪ੍ਰਤੀ ਕੁਇੰਟਲ ਤੱਕ ਭਾਅ ਮਿਲ ਰਿਹਾ ਸੀ, ਇਸੇ ਕਿਸਮ ਦਾ ਮੌਜੂਦਾ ਸੀਜ਼ਨ ਵਿਚ ਭਾਅ 1600-2225 ਰੁਪਏ ਪ੍ਰਤੀ ਕੁਇੰਟਲ ਤੱਕ ਹੀ ਜਾ ਸਕਿਆ ਹੈ। ਕਿਸਾਨਾਂ ਨੇ ਫ਼ਸਲ ਦਾ ਝਾੜ ਅੱਧਾ ਰਹਿ ਜਾਣ ਦੀ ਸ਼ਿਕਾਇਤ ਵੀ ਕੀਤੀ ਹੈ। ਵਧੇਰੇ ਕਿਸਾਨਾਂ ਨੇ ਝਾੜ ਵਿੱਚ 35 ਫ਼ੀਸਦ ਤੱਕ ਦੀ ਕਮੀ ਆਉਣ ਦੀ ਸ਼ਿਕਾਇਤ ਕੀਤੀ ਹੈ। ਇੱਥੋਂ ਦੀ ਮੰਡੀ ਵਿੱਚ ਜਿਣਸ ਵੇਚਣ ਆਏ ਇਲਾਕੇ ਦੇ ਪਿੰਡ ਦੇਓ (ਬਾਠ) ਦੇ ਕਿਸਾਨ ਮਨੋਹਰ ਸਿੰਘ ਨੂੰ ਇਕ ਏਕੜ ਜ਼ਮੀਨ ਵਿਚੋਂ 1509 ਕਿਸਮ ਦਾ ਝਾੜ ਕੇਵਲ 10.5 ਕੁਇੰਟਲ ਹੀ ਮਿਲਿਆ ਹੈ ਜਿਹੜਾ ਕਿ ਪਿਛਲੇ ਸਾਲ 18-19 ਕੁਇੰਟਲ ਤੱਕ ਗਿਆ ਸੀ। ਮਾਝਾ ਖਿੱਤੇ ਵਿਚ ਅੰਮ੍ਰਿਤਸਰ ਦੀ ਮੰਡੀ ਤੋਂ ਬਾਅਦ ਤਰਨ ਤਾਰਨ ਦੀ ਦਾਣਾ ਮੰਡੀ ਹੀ ਹੈ ਜਿੱਥੇ ਬਾਸਮਤੀ ਦੀਆਂ ਅਗੇਤੀਆਂ ਕਿਸਮਾਂ ਵਿੱਚੋਂ 1509 ਭਾਰੀ ਮਾਤਰਾ ਵਿੱਚ ਆਉਂਦੀ ਹੈ। ਪਿੰਡ ਵੈਰੋਵਾਲ ਬਾਵਿਆਂ ਤੋਂ ਆਏ ਕਿਸਾਨ ਹਰਮੀਤ ਸਿੰਘ ਨੇ ਕਿਹਾ ਕਿ ਮੰਡੀ ਵਿੱਚ ਬਾਸਮਤੀ ਦੀ ਇਸ ਕਿਸਮ ਦੀ ਖ਼ਰੀਦ ਸਰਕਾਰੀ ਨਹੀਂ ਹੈ। ਪ੍ਰਾਈਵੇਟ ਕੰਪਨੀਆਂ ਜਾਂ ਫਿਰ ਸ਼ੈਲਰਾਂ ਵਾਲੇ ਹੀ ਖ਼ਰੀਦ ਕਰਦੇ ਹਨ। ਕਿਸਾਨ ਦੀ ਬਾਸਮਤੀ ਦਾ ਭਾਅ ਸ਼ਨਿਚਰਵਾਰ ਨੂੰ 2212 ਰੁਪਏ ਪ੍ਰਤੀ ਕੁਇੰਟਲ ਲੱਗਾ ਹੈ ਜਿਹੜਾ ਕਿ ਪਿਛਲੇ ਸਾਲ 2700 ਰੁਪਏ ਤੱਕ ਗਿਆ ਸੀ। ਉਸ ਨੇ ਵੀ ਕਿਹਾ ਕਿ ਇਸ ਵਾਰ ਫ਼ਸਲ ਦਾ ਝਾੜ ਘੱਟ ਆਇਆ ਹੈ। ਇਸ ਦਾ ਕਾਰਨ ਉਸ ਨੇ ਫ਼ਸਲ ਦੇ ਨਿਸਰਣ ਵੇਲੇ ਹੋਈ ਬਾਰਿਸ਼ ਅਤੇ ਉਸ ਤੋਂ ਬਾਅਦ ਜ਼ਿਆਦਾ ਗਰਮੀ ਪੈਣਾ ਦੱਸਿਆ। ਪਿੰਡ ਲਾਲੂਘੁੰਮਣ ਦੇ ਕਿਸਾਨ ਦਿਲਬਾਗ ਸਿੰਘ ਨੇ ਵੀ ਇਸ ਵਾਰ ਝਾੜ ਚਾਰ-ਪੰਜ ਕੁਇੰਟਲ ਤੱਕ ਘੱਟ ਹੋਣ ਦੀ ਸ਼ਿਕਾਇਤ ਕੀਤੀ।