ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 26 ਅਗਸਤ
ਦੋਰਾਹਾ ’ਚ ਅੱਜ ਸਵੇਰੇ ਜਰਨੈਲੀ ਸੜਕ ’ਤੇ ਦੋ ਟਰੱਕਾਂ ਦੀ ਟੱਕਰ ਵਿਚ ਦੋ ਔਰਤਾਂ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਔਰਤਾਂ ਸਮੇਤ 7 ਜਣੇ ਗੰਭੀਰ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਅੱਜ ਕਰੀਬ 8 ਵਜੇ ਸਵੇਰੇ ਇੱਕ ਟਰੱਕ (ਨੰਬਰ ਐੱਚ.ਆਰ. 58-ਏ 4024) ਮੁਜ਼ੱਫਰਨਗਰ (ਯੂ. ਪੀ.) ਤੋਂ ਭੱਠਾ ਮਜ਼ਦੂਰਾਂ, ਜਿਸ ’ਚ 7 ਔਰਤਾਂ ਅਤੇ 8-9 ਪੁਰਸ਼ ਸਵਾਰ ਸਨ, ਨੂੰ ਮੋਗੇ ਨੇੜਲੇ ਇੱਕ ਭੱਠੇ ’ਤੇ ਲਿਜਾ ਰਿਹਾ ਸੀ। ਇਹ ਟਰੱਕ ਜਦੋਂ ਦੱਖਣੀ ਬਾਈਪਾਸ ਵੱਲ ਦੋਰਾਹੇ ਤੋਂ ਮੁੜਨ ਲੱਗਾ ਤਾਂ ਰਾਜਵੰਤ ਹਸਪਤਾਲ ਦੇ ਐਨ ਸਾਹਮਣੇ ਇਸੇ ਦੌਰਾਨ ਪਿੱਛੋਂ ਇਕ ਪਲਾਈ ਸ਼ੀਟਾਂ ਨਾਲ ਭਰਿਆ ਟਰੱਕ (ਨੰਬਰ ਐੱਚ.ਆਰ. 56 ਐਸ 6417) ਉਕਤ ਕੈਂਟਰ ਦੇ ਪਿੱਛੇ ਆ ਵੱਜਿਆ। ਸਿੱਟੇ ਵਜੋਂ ਦੋਵੇਂ ਟਰੱਕ ਪਲਟ ਗਏ। ਹਾਦਸੇ ’ਚ ਪਿੱਛੋਂ ਵਜੇ ਟਰੱਕ ਦੇ ਕਲੀਨਰ ਸੁਨੀਲ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਅਗਲੇ ਟਰੱਕ ’ਚ ਸਵਾਰ ਭੱਠੇ ’ਤੇ ਕੰਮ ਕਰਨ ਵਾਲੀਆਂ ਦੋ ਔਰਤਾਂ ਕਾਜਲ (22) ਪਤਨੀ ਮੁਕੇਸ਼ ਵਾਸੀ ਮੇਰਠ ਅਤੇ ਬਾਲਾ ਪਤਨੀ ਰਾਜਿੰਦਰ ਵਾਸੀ ਮੁਜ਼ੱਫਰਨਗਰ ਦੀ ਮੌਕੇ ’ਤੇ ਮੌਤ ਹੋ ਗਈ। ਟਰੱਕ ਵਿੱਚ ਸਵਾਰ ਬਾਕੀ ਚਾਰ ਔਰਤਾਂ ਅਤੇ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਦੌਰਾਨ ਸੜਕ ’ਤੇ ਵੀ ਲੰਬਾ ਜਾਮ ਲੱਗ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਦੋਰਾਹਾ ਥਾਣੇ ਦੇ ਐੱਸ.ਐਚ.ਓ. ਨਛੱਤਰ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਜ਼ਖ਼ਮੀਆਂ ਨੂੰ ਐਬੂਲੈਂਸਾਂ ਰਾਹੀ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਾਇਆ ਅਤੇ ਟਰੈਫਿਕ ਚਾਲੂ ਕਰਵਾਇਆ।