ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 7 ਜੂਨ
ਅਸਲਾ ਲਾਇਸੈਂਸ ਨਵਿਆਉਣ ਵਾਸਤੇ ਲਾਇਸੈਂਸ ਧਾਰਕ ਦੇ ਡੋਪ ਟੈਸਟ ਲਾਜ਼ਮੀ ਹੁੰਦਾ ਹੈ ਪਰ ਕਈ ਲਾਇਸੈਂਸ ਧਾਰਕ ਜੋ ਨਸ਼ੇ ਜਾਂ ਕਿਸੇ ਖ਼ਾਸ ਤਰ੍ਹਾਂ ਦੀ ਦਵਾਈ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦੇ ਡੋਪ ਟੈਸਟ ਪਾਸ ਨਹੀਂ ਹੁੰਦੇ ਹਨ| ਅਜਿਹੇ ਲਾਇਸੈਂਸ ਧਾਰਕਾਂ ਦੇ ਡੋਪ ਟੈਸਟ ਪਾਸ ਕਰਾਉਣ ਲਈ ਕੀਤੇ ਜਾਂਦੇ ਘਪਲੇ ਦਾ ਪਰਦਾਫਾਸ਼ ਕਰਦਿਆਂ ਡਿਪਟੀ ਕਮਿਸ਼ਰ ਦਫ਼ਤਰ ਵੱਲੋਂ ਕੀਤੀ ਪੜਤਾਲ ਦੇ ਆਧਾਰ ’ਤੇ ਥਾਣਾ ਸਦਰ ਪੁਲੀਸ ਨੇ ਸਿਹਤ ਵਿਭਾਗ ਦੇ ਲੈਬ ਟੈਕਨੀਸ਼ੀਅਨ ਮਨਦੀਪ ਸਿੰਘ, ਸੁਪਰਵਾਈਜ਼ਰ ਟੀਬੀ ਟਰੀਟਮੈਂਟ ਬਲਕਰਨ ਸਿੰਘ ਅਤੇ ਪ੍ਰਾਈਵੇਟ ਟਾਈਪਿਸਟ ਵਕੀਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਿਵਲ ਸਰਜਨ ਨੇ ਡੋਪ ਟੈਸਟਾਂ ਦੀਆਂ ਜਾਅਲੀ ਰਿਪੋਰਟਾਂ ਤਿਆਰ ਕਰਨ ਵਾਲੇ ਦੋਵੇਂ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ| ਜਾਣਕਾਰੀ ਅਨੁਸਾਰ ਅਸਲਾ ਲਾਇਸੈਂਸ ਨਵਿਆਉਣ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਦੇ ਧਿਆਨ ਵਿੱਚ ਆਇਆ ਕਿ ਕਈ ਅਸਲਾ ਲਾਇਸੈਂਸ ਧਾਰਕ ਸਿਵਲ ਹਸਪਤਾਲ ਦੇ ਡੋਪ ਟੈਸਟਾਂ ਨਾਲ ਸਬੰਧਤ ਸਟਾਫ ਅਤੇ ਪ੍ਰਾਈਵੇਟ ਵਿਅਕਤੀਆਂ ਨਾਲ ਮਿਲ ਕੇ ਜਾਅਲੀ ਡੋਪ ਟੈਸਟ ਤਿਆਰ ਕਰਾਉਂਦੇ ਹਨ| ਇਸ ਸਬੰਧ ਵਿੱਚ ਦਫ਼ਤਰ ਵੱਲੋਂ ਚਾਰ ਨੁਕਤਿਆਂ ਦੇ ਆਧਾਰ ’ਤੇ ਡੋਪ ਟੈਸਟਾਂ ਦੀ ਪੜਤਾਲ ਕੀਤੀ ਗਈ| ਅਧਿਕਾਰੀਆਂ ਨੇ ਪਹਿਲੀ ਜੂਨ ਤੋਂ 31 ਨਵੰਬਰ 2021 ਤੱਕ ਦੀਆਂ 589 ਡੋਪ ਟੈਸਟਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਗਈ ਜਿਸ ਵਿੱਚੋਂ 76 ਰਿਪੋਰਟਾਂ ਵਿੱਚ ਊਣਤਾਈਆਂ ਪਾਈਆਂ ਗਈਆਂ| ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ|