ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 7 ਫਰਵਰੀ
ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਜਾਤ, ਫਿਰਕੇ ਅਤੇ ਧਰਮ ਦੇ ਨਾਂ ’ਤੇ ਵੋਟਾਂ ਮੰਗਣ ਵਾਲਿਆਂ ਨੂੰ ਮੂੰਹ ਨਾ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਵੋਟਾਂ ਲਈ ਨਸ਼ਿਆਂ, ਦਬਾਅ ਤੇ ਲਾਲਚ ਦੀ ਵਰਤੋਂ ਕਰਨ ਵਾਲਿਆਂ ਨੂੰ ਵੀ ਚੋਣਾਂ ਵਿੱਚ ਇਕੱਠੇ ਹੋ ਕੇ ਸਬਕ ਸਿਖਾਇਆ ਜਾਣਾ ਚਾਹੀਦਾ ਹੈ। ਇੱਕ ਸਮਾਗਮ ’ਚ ਸ਼ਿਰਕਤ ਕਰਨ ਤੋਂ ਬਾਅਦ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਜਦੋਂ ਲੋਕਤੰਤਰ ਵਿੱਚ ਕੋਈ ਵੀ ਸਰਕਾਰ ਬਣਾਉਣ ਦੀ ਗੱਲ ਹੋਵੇ ਤਾਂ ਸਿਰਫ਼ ਇਮਾਨਦਾਰੀ, ਦੂਰਅੰਦੇਸ਼ੀ ਅਤੇ ਲੋਕਾਂ ਦੇ ਮੂਲ ਮੁੱਦਿਆਂ ਬਾਰੇ ਚਿੰਤਾ ਹੀ ਮੁੱਖ ਮਾਪਦੰਡ ਹੋਣੇ ਚਾਹੀਦੇ ਹਨ। ਬੀਤੇ ਸਮਿਆਂ ਦੌਰਾਨ ਜਾਤ-ਬਰਾਦਰੀ ਅਤੇ ਧਰਮ ਦੇ ਨਾਂ ’ਤੇ ਵੋਟਾਂ ਮੰਗ ਕੇ ਅੱਗੇ ਆਏ ਆਗੂਆਂ ਵੱਲੋਂ ਸਿਸਟਮ ਦਾ ਬੁਰਾ ਹਾਲ ਕੀਤੇ ਜਾਣ ਤੋਂ ਦੁਖੀ ਸ਼ਾਹੀ ਇਮਾਮ ਨੇ ਕਿਹਾ ਕਿ ਇਸ ਵਕਤ ਮਿੱਟੀ, ਹਵਾ ਅਤੇ ਪਾਣੀ ਨੂੰ ਬਚਾਉਣ ਦੀ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਜੀਵਮੰਡਲ ਦੇ ਇਹ ਤਿੰਨੇ ਹਿੱਸੇ ਹੁਣ ਬਹੁਤ ਦੂਸ਼ਿਤ ਹੋ ਗਏ ਹਨ। ਸ਼ਾਹੀ ਇਮਾਮ ਨੇ ਹੋਰਨਾਂ ਫਿਰਕਿਆਂ ਦੇ ਧਾਰਮਿਕ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਧਾਰਮਿਕ ਕੱਟੜਤਾ ਦੀ ਥਾਂ ਮਨੁੱਖਤਾ ਦੀ ਸੇਵਾ ਕਰਨ ਵਾਲੇ ਉਮੀਦਵਾਰਾਂ ਦੀ ਚੋਣ ਕਰਨ ਲਈ ਸੇਧ ਦੇਣ।